ਸਰਹਿੰਦ ਚੋਅ ਦੇ ਪਾਣੀ ਦੀ ਮਾਰ ਹੋਈ ਸ਼ੁਰੂ, ਕਈ ਪਿੰਡਾ ਦੇ ਲੋਕਾਂ ਦੇ ਸਾਹ ਸੂਤੇ

ਸੁਨਾਮ, ਊਧਮ ਸਿੰਘ ਵਾਲਾ, 4 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਜਿਸ ਵੇਲੇ ਪੰਜਾਬ ਅਤੇ ਨਾਲ ਲੱਗਦੇ ਪਹਾੜੀ ਸੂਬਿਆਂ 'ਚ ਭਾਰੀ ਮੀਂਹਾਂ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਸੂਬੇ ਵਿਚ ਆਏ ਹੜ੍ਹਾਂ ਕਾਰਨ ਹਾਲਾਤ ਬੇਹੱਦ ਸੰਵੇਦਨਸ਼ੀਲ ਬਣੇ ਹੋਏ ਹਨ ਅਤੇ ਦਰਿਆਵਾਂ ਸਮੇਤ ਨਦੀਆਂ ਨਾਲੇ ਪੂਰੇ ਉਫਾਨ 'ਤੇ ਹਨ। ਕੁਝ ਲੋਕਾਂ ਵਲੋਂ ਸੂਬੇ ਵਿਚ ਆਏ ਹੜ੍ਹਾਂ ਨੂੰ ਲੈ ਕੇ ਕੁਦਰਤ ਦੀ ਕਰੋਪੀ ਕਿਹਾ ਜਾ ਰਿਹਾ ਹੈ, ਉਥੇ ਹੀ ਜ਼ਿਆਦਾਤਰ ਲੋਕ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ 'ਤੇ ਗਿਲਾ ਕਰ ਰਹੇ ਹਨ ਕਿ ਜੇਕਰ ਸੂਬੇ ਵਿਚ ਨਹਿਰਾਂ ਨਾਲਿਆਂ ਦੀ ਸਮੇਂ-ਸਿਰ ਸਫਾਈ ਕਰਵਾਈ ਹੁੰਦੀ ਤਾਂ ਪੰਜਾਬੀਆਂ ਨੂੰ ਇਨ੍ਹਾਂ ਹੜ੍ਹਾਂ ਦੇ ਪਾਣੀ ਵਿਚ ਡੁੱਬਣ ਲਈ ਮਜਬੂਰ ਨਾ ਹੋਣਾ ਪੈਂਦਾ। ਲਗਾਤਾਰ ਹੋ ਰਹੀ ਮੋਹਲੇਧਾਰ ਬਰਸਾਤ ਕਾਰਨ ਸੁਨਾਮ ਸ਼ਹਿਰ ਕੋਲੋਂ ਦੀ ਲੰਘਦੇ ਸਰਹਿੰਦ ਚੋਅ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਸਰਹਿੰਦ ਚੋਅ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ 'ਚ ਚੋਅ ਦੇ ਪਾਣੀ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ ਪਰ ਦੂਜੇ ਪਾਸੇ 'ਬੂਹੇ ਆਈ ਜੰਨ, ਵਿੰਨੋ ਕੁੜੀ ਦੇ ਕੰਨ' ਵਾਲੀ ਕਹਾਵਤ ਅਨੁਸਾਰ ਜਲ ਸਰੋਤ ਵਿਭਾਗ ਦੇ ਬੇਲਦਾਰ ਤਰਸੇਮ ਸਿੰਘ ਵਲੋਂ ਕਿਸਾਨਾਂ ਦੇ ਰੌਲਾ ਪਾਉਣ 'ਤੇ ਅੱਜ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਸਿਵਲ ਹਸਪਤਾਲ ਨੇੜਲੇ ਪੁਲ ਕੋਲ ਜੇ. ਸੀ. ਵੀ. ਮਸ਼ੀਨ ਲਾ ਕੇ ਚੋਅ ਵਿਚ ਖੜ੍ਹੀ ਜਲ ਬੂਟੀ ਨੂੰ ਕੱਢਣ ਲਈ ਸਫਾਈ ਕਰਵਾਈ ਜਾ ਰਹੀ ਹੈ।