ਜ਼ਮਾਨਤ ਦੇ ਬਾਵਜੂਦ ਰਮਨ ਅਰੋੜਾ ਜਬਰਨ ਵਸੂਲੀ ਵਰਗੀਆਂ ਧਾਰਾਵਾਂ ਤਹਿਤ ਇਕ ਹੋਰ ਮਾਮਲੇ ’ਚ ਰਹਿਣਗੇ ਜੇਲ੍ਹ ਅੰਦਰ- ਸੂਤਰ
ਜਲੰਧਰ, 4 ਸਤੰਬਰ- ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ 106 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਵਿਰੁੱਧ ਜਲੰਧਰ ਪੁਲਿਸ ਦੇ ਰਾਮਾ ਮੰਡੀ ਥਾਣੇ ਵਿਚ ਜਬਰਨ ਵਸੂਲੀ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਰਮਨ ਅਰੋੜਾ ਨੂੰ ਪ੍ਰੋਡਕਟ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੇਕਰ ਪੁਲਿਸ ਉਨ੍ਹਾਂ ਨੂੰ ਪ੍ਰੋਡਕਟ ਵਾਰੰਟ ’ਤੇ ਲਿਆਉਣ ਵਿਚ ਸਫਲ ਹੋ ਜਾਂਦੀ ਹੈ, ਤਾਂ ਰਮਨ ਨੂੰ ਇਸ ਨਵੇਂ ਮਾਮਲੇ ਵਿਚ ਫਿਲਹਾਲ ਜੇਲ੍ਹ ਵਿਚ ਹੀ ਰਹਿਣਾ ਪਵੇਗਾ..
ਜਾਣਕਾਰੀ ਅਨੁਸਾਰ ਸੁਖਦੇਵ ਵਸ਼ਿਸ਼ਟ ਨਾਮ ਦੇ ਇਕ ਏ.ਟੀ.ਪੀ. ਨੂੰ ਵਿਜੀਲੈਂਸ ਵਿਭਾਗ ਨੇ 14 ਮਈ 2025 ਨੂੰ ਜਲੰਧਰ ਸ਼ਹਿਰ ਵਿਚ ਫੜਿਆ ਸੀ.. ਏ.ਟੀ.ਪੀ. ਤੋਂ ਪੁਛਗਿੱਛ ਕਰਨ ਤੋਂ ਬਾਅਦ, ਵਿਧਾਇਕ ਰਮਨ ਅਰੋੜਾ ਦਾ ਨਾਮ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਆਇਆ, ਜਿਸ ਤੋਂ ਬਾਅਦ ਵਿਜੀਲੈਂਸ ਨੇ 23 ਤਰੀਕ ਨੂੰ ਵਿਧਾਇਕ ਰਮਨ ਅਰੋੜਾ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਵਿਜੀਲੈਂਸ ਨੇ ਵਿਧਾਇਕ ਦੇ ਘਰੋਂ 1 ਕਿਲੋ ਤੋਂ ਵੱਧ ਵਜ਼ਨ ਦੇ ਸੋਨੇ ਦੇ ਗਹਿਣੇ ਅਤੇ ਲਗਭਗ 6 ਲੱਖ ਦੀ ਨਕਦੀ ਬਰਾਮਦ ਕੀਤੀ ਸੀ। ਇਸ ਮਾਮਲੇ ਵਿਚ ਵਿਧਾਇਕ 106 ਦਿਨਾਂ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਇਸ ਤੋਂ ਬਾਅਦ ਕੱਲ੍ਹ ਮਾਣਯੋਗ ਹਾਈ ਕੋਰਟ ਨੇ ਉਸ ਨੂੰ ਰਾਹਤ ਦਿੱਤੀ ਸੀ, ਪਰ ਹੁਣ ਉਸਦੇ ਖਿਲਾਫ ਦਰਜ ਤਾਜ਼ਾ ਕੇਸ ਤੋਂ ਬਾਅਦ, ਉਸਦੀ ਜੇਲ੍ਹ ਤੋਂ ਰਿਹਾਈ ਦੀ ਸੰਭਾਵਨਾ ਘੱਟਦੀ ਜਾ ਰਹੀ ਹੈ। ਫਿਲਹਾਲ ਪੁਲਿਸ ਨਵੇਂ ਮਾਮਲੇ ’ਤੇ ਚੁੱਪੀ ਧਾਰਨ ਕਰ ਰਹੀ ਹੈ।
;
;
;
;
;
;
;
;