ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘੱਟ ਕੇ ਹੋਇਆ 3 ਲੱਖ 35 ਹਜ਼ਾਰ ਕਿਊਸਿਕ

ਹਰੀਕੇ ਪੱਤਣ, (ਤਰਨਤਾਰਨ), 4 ਸਤੰਬਰ (ਸੰਜੀਵ ਕੁੰਦਰਾ)- ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਿਛਲੇ 1 ਮਹੀਨੇ ਤੋਂ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਅੱਜ ਹਰੀਕੇ ਹਥਾੜ ਖੇਤਰ ਇਲਾਕੇ ਦੇ ਲੋਕਾਂ ਲਈ ਬਹੁਤ ਦਿਨਾਂ ਬਾਅਦ ਉਸ ਵੇਲੇ ਰਾਹਤ ਭਰੀ ਖ਼ਬਰ ਆਈ ਜਦੋਂ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿੱਚ ਪਾਣੀ ਦਾ ਪੱਧਰ ਘੱਟ ਕੇ 3 ਲੱਖ 35 ਹਜ਼ਾਰ 365 ਕਿਊਸਿਕ ਰਹਿ ਗਿਆ ਜਦ ਕਿ ਬੀਤੇ ਕੱਲ੍ਹ ਤੋਂ ਇਹ ਪਾਣੀ 3 ਲੱਖ 46 ਹਜ਼ਾਰ ਕਿਊਸਿਕ ਤੋਂ ਵੱਧ ਚੱਲ ਰਿਹਾ ਸੀ।
ਅੱਜ ਹੈਡ ਵਰਕਸ ਤੋਂ ਡਾਊਨ ਸਟਰੀਮ ਨੂੰ 3 ਲੱਖ 18 ਹਜ਼ਾਰ 465 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜਦ ਕਿ ਬੀਤੇ ਕੱਲ੍ਹ ਤੋਂ 3 ਲੱਖ 29 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਡਾਊਨ ਸਟਰੀਮ ਨੂੰ ਛੱਡਿਆ ਜਾ ਰਿਹਾ ਸੀ। ਜਿਸ ਤਰ੍ਹਾਂ ਅੱਜ ਮੌਸਮ ਸਾਫ਼ ਹੋਇਆ ਹੈ ਇਸ ਤੋਂ ਲੱਗਦਾ ਹੈ ਕਿ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਹੋਰ ਘਟੇਗਾ। ਜਿਸ ਨਾਲ ਮੁਸ਼ਕਿਲਾਂ ਨਾਲ ਜੂਝ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।