ਡੇਰਾਬੱਸੀ ਮੁਬਾਰਕਪੁਰ ਦਾ ਘੱਗਰ ਨਦੀ ਦਾ ਕਾਜਵੇਅ ਪਾਣੀ ’ਚ ਰੁੜਿਆ, ਲਾਂਘਾ ਹੋ ਗਿਆ ਬੰਦ

ਡੇਰਾਬੱਸੀ, 4 ਸਤੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦਾ ਪੁਰਾਣਾ ਅੰਬਾਲਾ ਕਾਲਕਾ ਮਾਰਗ ’ਤੇ ਸਥਿਤ ਮੁਬਾਰਕਪੁਰ ਘੱਗਰ ਨਦੀ ਦਾ ਕਾਜਵੇਅ ਪਾਣੀ ਦੇ ਤੇਜ਼ ਵਹਾਅ ਨੇ ਤੋੜ ਦਿੱਤਾ, ਜਿਸ ਕਾਰਨ ਦਰਜਨਾਂ ਪਿੰਡਾਂ ਨੂੰ ਜ਼ੀਰਕਪੁਰ ਅਤੇ ਢਕੌਲੀ ਨਾਲ ਜੋੜਨ ਵਾਲਾ ਰਸਤਾ ਹੁਣ ਬੰਦ ਹੋ ਗਿਆ। ਇਹ ਕਾਜਵੇਅ ਅੰਬਾਲਾ ਤੋਂ ਕਾਲਕਾ ਜਾਣ ਵਾਲੇ ਰਾਹਗੀਰਾਂ ਲਈ ਵਰਦਾਨ ਸਾਬਤ ਸੀ, ਕਿਉਂਕਿ ਵਾਇਆ ਜੀਰਕਪੁਰ ਜਾਣ ਵੇਲੇ ਉਨ੍ਹਾਂ ਨੂੰ ਵੱਡੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਇਹ ਕਾਜਵੇ ਟੁੱਟਣ ਮਗਰੋਂ ਜ਼ੀਰਕਪੁਰ ਵਿਚ ਜਾਮ ਦੀ ਸਥਿਤੀ ਹੋਰ ਗੰਭੀਰ ਹੋ ਜਾਵੇਗੀ। ਇਸ ਤੋਂ ਇਲਾਵਾ ਘੱਗਰ ਦੇ ਦੋਨਾਂ ਪਾਸੇ ਦੇ ਲੋਕਾਂ ਨੂੰ ਆਉਣ ਜਾਣ ਲਈ ਕਰੀਬ ਪੰਜ ਕਿਲੋਮੀਟਰ ਦਾ ਸਫ਼ਰ ਹੋਰ ਜ਼ਿਆਦਾ ਕਰਨਾ ਪਵੇਗਾ। ਇਸ ਕਾਜਵੇਅ ’ਤੇ ਲੋਕੀਂ ਨਵਾਂ ਪੁਲ ਲਗਾਉਣ ਦੀ ਮੰਗ ਕਰਦੇ ਆ ਰਹੇ ਹਨ। ਮੁਬਾਰਕਪੁਰ ਸਮੇਤ ਆਸ ਪਾਸ ਦੇ ਪਿੰਡਾਂ ਨੇ ਇਸ ਕਾਜਵੇ ਨੂੰ ਜਲਦ ਤੋਂ ਜਲਦ ਠੀਕ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਲ 2023 ਵਿਚ ਆਏ ਪਾਣੀ ਦੇ ਤੇਜ਼ ਵਹਾਅ ਦੌਰਾਨ ਇਹ ਕਾਜਵੇਅ ਟੁੱਟ ਗਿਆ ਸੀ, ਇਥੇ ਕਰੋੜਾਂ ਰੁਪਏ ਖਰਚ ਕਰਕੇ ਇਸ ਦੀ ਰਿਪੇਅਰ ਕੀਤੀ ਗਈ ਸੀ, ਜੋ ਮੁੜ ਤੋਂ ਨੁਕਸਾਨਿਆ ਗਿਆ ਹੈ।