ਪਿੰਡ ਮਾਣਕਪੁਰ ਨੇੜੇ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ

ਝਬਾਲ, 4 ਸਤੰਬਰ (ਸੁਖਦੇਵ ਸਿੰਘ)-ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮਾਣਕਪੁਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਹੀਆਂ 11ਵੀਂ ਵਿਚ ਪੜ੍ਹਦਾ ਸੀ ਅਤੇ ਆਪਣੇ ਦੋਸਤ ਨਾਲ ਮੋਟਰਸਾਈਕਲ ਉਤੇ ਬੈਠ ਕੇ ਛੇਹਰਟਾ ਸਾਹਿਬ ਤੋਂ ਕਿਤਾਬਾਂ ਲੈਣ ਜਾ ਰਿਹਾ ਸੀ। ਜਦੋਂ ਉਹ ਪਿੰਡ ਮਾਣਕਪੁਰ ਨੇੜੇ ਬਣੇ ਭੱਠੇ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਰੈਕਟਰ-ਟਰਾਲੀ ਨੂੰ ਪਾਰ ਕਰਨ ਲੱਗੇ ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਉਤੇ ਡਿੱਗ ਪਿਆ, ਜਿਸ ਨਾਲ ਅਕਾਸ਼ਦੀਪ ਸਿੰਘ ਦਾ ਸਿਰ ਟਰਾਲੀ ਦੇ ਟਾਇਰ ਹੇਠ ਆ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂਕਿ ਉਸ ਦਾ ਸਾਥੀ ਵਾਲ-ਵਾਲ ਬਚ ਗਿਆ। ਮੌਕੇ ਉਤੇ ਪੁੱਜੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।