ਮਹਿੰਦਰ ਕੇ.ਪੀ. ਦੇ ਪੁੱਤ ਦੀ ਮੌਤ ਮਾਮਲੇ 'ਚ ਐਫ.ਆਈ.ਆਰ. ਦਰਜ

ਜਲੰਧਰ, 14 ਸਤੰਬਰ-ਸਾਬਕਾ ਸੰਸਦ ਮੈਂਬਰ ਮਹਿੰਦਰ ਕੇ.ਪੀ. ਦੇ ਪੁੱਤਰ ਦੀ ਮੌਤ ਮਾਮਲੇ ਵਿਚ ਕ੍ਰੇਟਾ ਅਤੇ ਗ੍ਰੈਂਡ ਵਿਟਾਰਾ ਦੇ ਮਾਲਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਦੇਰ ਰਾਤ ਮਹਿੰਦਰ ਕੇ.ਪੀ. ਦੇ ਬੇਟੇ ਦੀ ਤੇਜ਼ ਰਫਤਾਰ ਕਾਰ ਦੀ ਟੱਕਰ ਕਾਰਨ ਮੌਤ ਹੋ ਗਈ ਸੀ। ਭਿਆਨਕ ਸੜਕ ਹਾਦਸੇ ਦਾ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਇਆ ਹੈ। ਸੀ.ਸੀ.ਟੀ.ਵੀ. ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਦੀ ਮੁੱਖ ਸੜਕ ਤੋਂ ਲੰਘ ਰਹੀ ਇਕ ਤੇਜ਼ ਰਫ਼ਤਾਰ ਕਾਰ ਗਲੀ ਤੋਂ ਆ ਰਹੀ ਇਕ ਕਾਰ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਕਾਰ ਪਿੱਛੇ ਖੜ੍ਹੀਆਂ ਕਾਰਾਂ ਨਾਲ ਵੀ ਟਕਰਾਅ ਗਈ ਅਤੇ ਦੁਬਾਰਾ ਸੜਕ 'ਤੇ ਆ ਗਈ। ਇਸ ਦੌਰਾਨ ਮਹਿੰਦਰ ਕੇ.ਪੀ. ਦਾ ਪੁੱਤਰ ਰਿਚੀ ਕੇ.ਪੀ. ਜੋ ਕਿ ਆਪਣੀ ਫਾਰਚੂਨਰ ਕਾਰ ਵਿਚ ਬੈਠਾ ਸੀ, ਗੰਭੀਰ ਜ਼ਖਮੀ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੌਤ ਗਰਦਨ ਦੇ ਮਣਕੇ ਟੁੱਟਣ ਕਾਰਨ ਹੋਈ ਹੈ।
ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਥਾਣਾ ਨੰਬਰ 6 ਵਿਚ ਕ੍ਰੇਟਾ ਕਾਰ ਅਤੇ ਗ੍ਰੈਂਡ ਵਿਟਾਰਾ ਦੇ ਮਾਲਕਾਂ ਵਿਰੁੱਧ ਐਫ.ਆਈ.ਆਰ. ਨੰਬਰ 178 ਦਰਜ ਕੀਤੀ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ਵਿਚ ਦੋਵਾਂ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਦੁਖਦਾਈ ਖਬਰ ਨੂੰ ਸੁਣਨ ਤੋਂ ਬਾਅਦ ਮਹਿੰਦਰ ਕੇ.ਪੀ. ਦੇ ਘਰ ਆਉਣੇ ਸ਼ੁਰੂ ਹੋ ਗਏ ਹਨ। ਉਹ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ।