ਲਾਪਤਾ ਹੋਇਆ ਮਾਸੂਮ ਬੱਚਾ ਹਰਿਆਣਾ 'ਚੋਂ ਬਰਾਮਦ
ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ)-ਕੱਲ੍ਹ ਵੀਰਵਾਰ ਕਰੀਬ 11 ਵਜੇ ਦੇ ਆਸ-ਪਾਸ ਸਰਹਿੰਦ ਨਹਿਰ ਕੋਲ ਰਹਿੰਦੇ ਪ੍ਰਵਾਸੀ ਮਜ਼ਦੂਰ ਵਿਕਾਸ ਸਾਹਨੀ ਦਾ ਢਾਈ ਸਾਲਾ ਮਾਸੂਮ ਬੇਟਾ ਉਸ ਸਮੇਂ ਭੇਤਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਜਦੋਂ ਉਹ ਦਾਦੀ ਨਾਲ ਵਾਪਸ ਘਰ ਜਾ ਰਿਹਾ ਸੀ ਪਰ ਦਾਦੀ ਅਚਾਨਕ ਕਿਤੇ ਕੰਮ ਉਤੇ ਚਲੀ ਗਈ ਤੇ ਉਹ ਮਾਸੂਮ ਘਰ ਨਹੀਂ ਪਹੁੰਚਿਆ ਪਰ ਫਿਰ ਸਾਰੇ ਪਾਸੇ ਹਫੜਾ-ਦਫੜੀ ਮਚ ਗਈ। ਪੰਜਾਬ ਪੁਲਿਸ ਦੀ ਮੁਸਤੈਦ ਟੀਮ ਦਿਨ-ਰਾਤ ਇਕ ਕਰਕੇ ਮਹਿਜ 24 ਘੰਟਿਆਂ ਵਿਚ ਹੀ ਬੱਚੇ ਨੂੰ ਕਿਡਨੈਪ ਕਰਨ ਵਾਲਿਆਂ ਤੱਕ ਪਹੁੰਚੀ।
ਇਸ ਟੀਮ ਦੇ ਅਧਿਕਾਰੀ ਤੇ ਥਾਣਾ ਮੁਖੀ ਹਰਿੰਦਰ ਸਿੰਘ ਨੇ ਸਾਥੀ ਟੀਮ ਨਾਲ ਹਰਿਆਣਾ ਦੇ ਸਿਰਸਾ ਸ਼ਹਿਰ ਲਾਗੇ ਉਸ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਤੇ ਇਸ ਸਾਰੇ ਮਾਮਲੇ ਵਿਚ ਇਹ ਨਿਕਲ ਕੇ ਆਇਆ ਕਿ ਤੱਖਰਾ ਪਿੰਡ ਕੋਲ ਰਹਿੰਦੇ ਕਿਸੇ ਵਿਅਕਤੀ ਨੇ ਇਸ ਬੱਚੇ ਨੂੰ ਚੁੱਕਿਆ ਤੇ ਉਸਨੇ ਕਿਸੇ ਔਰਤ ਨੂੰ 1.30 ਲੱਖ ਵਿਚ ਵੇਚ ਦਿੱਤਾ ਤੇ ਉਸ ਔਰਤ ਨੇ ਇਹ ਬੱਚਾ ਰਾਜਸਥਾਨ ਵਿਚ ਆਪਣੀ ਭੈਣ ਨੂੰ ਦੇਣਾ ਸੀ, ਜਿਸਦੀ ਕੋਈ ਔਲਾਦ ਨਹੀਂ ਸੀ। ਫਿਲਹਾਲ ਪੁਲਿਸ ਨੇ ਇਸ ਸਾਜ਼ਿਸ਼ ਵਿਚ ਸ਼ਾਮਿਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਹੈ ਤੇ ਬੱਚਾ ਮਾਪਿਆਂ ਕੋਲ ਪਹੁੰਚ ਚੁੱਕਾ ਹੈ।