ਮੋਰਾਂਵਾਲੀ ਵਿਖੇ ਐੱਨ.ਆਰ.ਆਈ. ਵਿਅਕਤੀ ਅਤੇ ਘਰ ਦੀ ਕੇਅਰ ਟੇਕਰ ਔਰਤ ਦਾ ਕਤਲ


ਗੜ੍ਹਸ਼ੰਕਰ, (ਹੁਸ਼ਿਆਰਪੁਰ) 25 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਦੇ ਨਾਮੀ ਪਿੰਡ ਮੋਰਾਂਵਾਲੀ ਵਿਖੇ ਇਕ ਐੱਨ.ਆਰ.ਆਈ. ਵਿਅਕਤੀ ਅਤੇ ਉਸ ਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਲਾਸ਼ਾਂ ਕੋਲੋ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਜਾਪ ਰਹੀ ਹੈ।
ਮਿ੍ਤਕ ਐੱਨ.ਆਰ.ਆਈ. ਦੀ ਪਛਾਣ ਘਰ ਦੇ ਮਾਲਕ ਸੰਤੋਖ ਸਿੰਘ (65) ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ, ਜੋ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਮਿ੍ਤਕ ਔਰਤ ਦੀ ਪਛਾਣ ਮਨਜੀਤ ਕੌਰ (46) ਪਤਨੀ ਲਖਵਿੰਦਰ ਸਿੰਘ ਪਿੰਡ ਬਾਠ (ਨੂਰਮਹਿਲ) ਵਜੋਂ ਹੋਈ ਹੈ, ਜੋ ਸੰਤੋਖ ਸਿੰਘ ਦੇ ਘਰ ’ਚ ਕੇਅਰ ਟੇਕਰ ਵਜੋਂ ਰਹਿ ਰਹੀ ਸੀ।
ਇਸ ਘਟਨਾ ਦਾ ਉਸ ਵਕਤ ਪਤਾ ਲੱਗਾ ਜਦੋਂ ਸਵੇਰ ਸਮੇਂ ਮਨਜੀਤ ਕੌਰ ਦੇ ਨੂਰਮਹਿਲ ਤੋਂ ਆਏ ਭਰਾ ਨੇ ਮਕਾਨ ਨੂੰ ਬਾਹਰੋਂ ਬੰਦ ਹੋਣ ’ਤੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸੰਤੋਖ ਸਿੰਘ ਤੇ ਮਨਜੀਤ ਕੌਰ ਦੀਆਂ ਲਾਸ਼ਾਂ ਪਈਆਂ ਸਨ, ਜਿਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਸਪ੍ਰੀਤ ਸਿੰਘ ਡੀ.ਐੱਸ.ਪੀ. ਗੜ੍ਹਸ਼ੰਕਰ, ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੇ ਸਨ।