ਦੇਸ਼ ਵਿਚ ਚਿਪਸ ਤੋਂ ਲੈ ਕੇ ਜਹਾਜ਼ ਤੱਕ ਬਣਾਵਾਂਗੇ- ਪ੍ਰਧਾਨ ਮੰਤਰੀ ਮੋਦੀ

ਲਖਨਊ, 25 ਸਤੰਬਰ- ਪ੍ਰਧਾਨ ਮੰਤਰੀ ਮੋਦੀ ਨੇ ਨੋਇਡਾ ਦੇ ਇੰਡੀਆ ਐਕਸਪੋ ਮਾਰਟ ਵਿਖੇ ਯੂ.ਪੀ. ਇੰਟਰਨੈਸ਼ਨਲ ਵਪਾਰ ਸ਼ੋਅ ਦਾ ਉਦਘਾਟਨ ਕੀਤਾ। ਉਨ੍ਹਾਂ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਭਾਰਤ ਵਿਚ ਚਿਪਸ ਤੋਂ ਲੈ ਕੇ ਜਹਾਜ਼ਾਂ ਤੱਕ ਹਰ ਚੀਜ਼ ਦਾ ਨਿਰਮਾਣ ਕਰਨਾ ਚਾਹੁੰਦੇ ਹਨ। ਇਸ ਲਈ ਆਪਣੇ ਕਾਰੋਬਾਰੀ ਮਾਡਲ ਨੂੰ ਇਸ ਤਰੀਕੇ ਨਾਲ ਵਿਕਸਤ ਕਰੋ ਜੋ ਇਕ ਸਵੈ-ਨਿਰਭਰ ਭਾਰਤ ਨੂੰ ਮਜ਼ਬੂਤ ਕਰੇ। ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿਚ ਨਹੀਂ ਸੀ, ਆਮਦਨ ਟੈਕਸ ਛੋਟ ਸਿਰਫ ਦੋ ਲੱਖ ਰੁਪਏ ਤੱਕ ਸੀਮਤ ਸੀ ਤੇ ਅੱਜ ਅਸੀਂ 12 ਲੱਖ ਰੁਪਏ ਤੱਕ ਦੇ ਟੈਕਸਾਂ ਵਿਚ ਛੋਟ ਦਿੱਤੀ ਹੈ। ਨਵਾਂ ਜੀ.ਐਸ.ਟੀ. ਸੁਧਾਰ ਇਸ ਸਾਲ ਦੇਸ਼ ਦੇ ਲੋਕਾਂ ਨੂੰ 2.5 ਲੱਖ ਕਰੋੜ ਰੁਪਏ ਬਚਾਉਣ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਮਾਣ ਨਾਲ ਜੀ.ਐਸ.ਟੀ. ਬਚਤ ਤਿਉਹਾਰ ਮਨਾ ਰਿਹਾ ਹੈ। 2017 ਵਿਚ ਅਸੀਂ ਜੀ.ਐਸ.ਟੀ. ਪੇਸ਼ ਕੀਤਾ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ। ਅਸੀਂ 2025 ਵਿਚ ਜੀ.ਐਸ.ਟੀ. ਦੁਬਾਰਾ ਲਾਗੂ ਕਰਾਂਗੇ ਅਤੇ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਕਰਾਂਗੇ। ਜਿਵੇਂ-ਜਿਵੇਂ ਅਰਥਵਿਵਸਥਾ ਮਜ਼ਬੂਤ ਹੋਵੇਗੀ, ਟੈਕਸ ਦਾ ਬੋਝ ਘੱਟ ਹੋਵੇਗਾ। ਕੁਝ ਰਾਜਨੀਤਿਕ ਪਾਰਟੀਆਂ ਨਵੀਆਂ ਜੀ.ਐਸ.ਟੀ. ਦਰਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਕਾਂਗਰਸ ਅਤੇ ਇਸ ਦੇ ਸਹਿਯੋਗੀ 2014 ਤੋਂ ਪਹਿਲਾਂ ਚਲਾਈ ਗਈ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਜਨਤਾ ਨੂੰ ਝੂਠ ਬੋਲ ਰਹੇ ਹਨ।
ਸੱਚਾਈ ਇਹ ਹੈ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਟੈਕਸ ਚੋਰੀ ਬਹੁਤ ਜ਼ਿਆਦਾ ਸੀ। ਆਮ ਨਾਗਰਿਕ ਟੈਕਸਾਂ ਦੇ ਬੋਝ ਹੇਠ ਦੱਬੇ ਜਾ ਰਹੇ ਸਨ। ਇਹ ਸਾਡੀ ਸਰਕਾਰ ਹੈ ਜਿਸ ਨੇ ਟੈਕਸਾਂ ਵਿਚ ਕਾਫ਼ੀ ਕਮੀ ਕੀਤੀ ਹੈ।