JALANDHAR WEATHER

ਗੈਂਗਸਟਰ ਗੋਲਡੀ ਢਿੱਲੋਂ ਦੇ 2 ਸਾਥੀ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ

ਤਰਨਤਾਰਨ, 25 ਸਤੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨਤਾਰਨ ਪੁਲਿਸ ਨੇ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਗੋਲਡੀ ਢਿੱਲੋਂ ਦੇ 2 ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਪਾਸੋਂ ਪੁਲਿਸ ਨੇ 2 ਪਿਸਤੌਲ 32 ਬੋਰ ਸਮੇਤ 2 ਮੈਗਜ਼ੀਨ, ਇਕ ਪਿਸਤੌਲ 30 ਬੋਰ ਸਮੇਤ 1 ਮੈਗਜ਼ੀਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਜਗਜੀਤ ਸਿੰਘ ਨੇ ਕਿਹਾ ਕਿ ਐੱਸ.ਐੱਸ.ਪੀ. ਰਵਜੋਤ ਗਰੇਵਾਲ ਵਲੋਂ ਫਿਰੌਤੀ ਦੇ ਕੇਸ ਨੂੰ ਹੱਲ ਕਰਨ ਲਈ ਐੱਸ.ਪੀ. (ਡੀ) ਰਿਪੁਤਾਪਨ ਸਿੰਘ ਦੀ ਅਗਵਾਈ ਵਿਚ ਮਾੜੇ ਅਨਸਰਾਂ ’ਤੇ ਕਾਬੂ ਪਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ’ਤੇ ਉਨ੍ਹਾਂ ਵਲੋਂ ਥਾਣਾ ਮੁਖੀ ਸਿਟੀ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਤਿਆਰ ਕਰਕੇ ਵੱਖ-ਵੱਖ ਇਲਾਕਿਆਂ ਵਿਚ ਭੇਜੀਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ 17 ਸਤੰਬਰ ਨੂੰ ਥਾਣਾ ਸਿਟੀ ਵਿਖੇ ਵਿਅਕਤੀ ਵਲੋਂ ਬਿਆਨ ਦਰਜ ਕਰਵਾਏ ਗਏ ਕਿ ਉਹ ਕੁਮਾਰ ਟਰੇਡਿੰਗ ਕਾਰਪੋਰੇਸ਼ਨ ਸਾਹਮਣੇ ਰੇਲਵੇ ਸਟੇਸ਼ਨ ਤਰਨਤਾਰਨ ਦੀ ਦੁਕਾਨ ਚਲਾਉਂਦਾ ਹੈ ਅਤੇ 13 ਸਤੰਬਰ ਨੂੰ ਉਸ ਦੇ ਮੋਬਾਇਲ ਤੇ ਵਟਸਐਪ ਉਤੇ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਕਾਲ ਆਇਆ ਕਿ ਗੋਲਡੀ ਢਿੱਲੋਂ ਬੋਲਦਾ ਹਾਂ। ਮੈਨੂੰ 50 ਲੱਖ ਰੁਪਏ ਦੀ ਫਿਰੌਤੀ ਦੇ ਨਹੀਂ ਤਾਂ ਗੋਲੀਆਂ ਮਾਰ ਦੇਵਾਂਗੇ, ਫਿਰ ਉਸਨੂੰ ਵਿਦੇਸ਼ੀ ਨੰਬਰ ਤੋਂ ਉਸਦੀ ਦੁਕਾਨ ਦੀ ਵੀਡੀਓ ਵੀ ਭੇਜੀ ਗਈ ਅਤੇ ਵਾਰ-ਵਾਰ ਫਿਰੌਤੀ ਦੀ ਮੰਗ ਕੀਤੀ। ਡੀ.ਐੱਸ.ਪੀ. ਜਗਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਤਰਨਤਾਰਨ ਪੁਲਿਸ ਵਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਵਲੋਂ ਹਿਊਮਨ ਇੰਟੈਲੀਜੈਂਸ ਅਤੇ ਤਕਨੀਕੀ ਇੰਟੈਲੀਜੈਂਸ ਰਾਹੀਂ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਤਹਿਤ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਸਿਟੀ ਤਰਨਤਾਰਨ ਏਰੀਏ ਵਿਚ ਮੌਜੂਦ ਸੀ ਕਿ ਤਕਨੀਕੀ ਇੰਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮਾਮਲੇ ਵਿਚ ਫਿਰੌਤੀ ਮੰਗਣ ਦੇ ਕੇਸ ਵਿਚ ਯਾਦਵਿੰਦਰ ਸਿੰਘ ਉਰਫ ਯਾਦ ਪੁੱਤਰ ਜਗਦੇਸ਼ ਸਿੰਘ ਵਾਸੀ ਮੁਗਲਚੱਕ ਗਿੱਲ ਥਾਣਾ ਸਿਟੀ ਤਰਨਤਾਰਨ ਅਤੇ ਸਰਵਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੈਰੋਵਾਲ ਥਾਣਾ ਸਿਟੀ ਤਰਨਤਾਰਨ ਜੋ ਇਸ ਸਮੇਂ ਸਿਟੀ ਏਰੀਏ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਪੈਦਲ ਘੁੰਮ ਰਹੇ ਹਨ, ਜਿਸ ’ਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵਲੋਂ ਗੁਰਦੁਆਰਾ ਟੱਕਰ ਸਾਹਿਬ ਰੋਡ ਨਜ਼ਦੀਕ ਤੋਂ ਯਾਦਵਿੰਦਰ ਸਿੰਘ ਉਰਫ ਯਾਦ ਅਤੇ ਸਰਵਨ ਸਿੰਘ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 1 ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ। ਡੀ.ਐੱਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ