ਪੁਲਿਸ ਵਲੋਂ ਲੱਖਾਂ ਦੇ ਪਟਾਕਿਆਂ ਦੀ ਵੱਡੀ ਖੇਪ ਬਰਾਮਦ

ਨਵਾਂਸ਼ਹਿਰ, 25 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਮੁੱਖ ਮਾਰਗ ਉਤੇ ਪਿੰਡ ਮੇਹਲੀ ਵਿਖੇ ਜ਼ਿਲ੍ਹਾ ਪੁਲਿਸ ਵਲੋਂ ਨੀਰਜ ਚੌਧਰੀ ਮੁਖੀ ਸੀ. ਆਈ. ਏ. ਸਟਾਫ ਨਵਾਂਸ਼ਹਿਰ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਇਕ ਪੋਲਟਰੀ ਫਾਰਮ ਤੋਂ ਵੱਡੀ ਮਾਤਰਾ ਵਿਚ ਪਟਾਕਿਆਂ ਦੀ ਖੇਪ ਬਰਾਮਦ ਕੀਤੀ। ਇਸ ਮਾਮਲੇ ਵਿਚ ਪੁਲਿਸ ਵਲੋਂ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨੀਰਜ ਚੌਧਰੀ ਨੇ ਦੱਸਿਆ ਕਿ ਪੁਲਿਸ ਵਲੋਂ ਪੋਲਟਰੀ ਫਾਰਮ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪਟਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਥੇ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਏ ਜਾ ਰਹੇ ਸਨ ਜਾਂ ਇਹ ਪਟਾਕੇ ਦੂਜੇ ਸੂਬੇ ਤੋਂ ਲਿਆ ਕੇ ਇਥੇ ਜਮ੍ਹਾ ਕੀਤੇ ਜਾ ਰਹੇ ਸਨ। ਪੁਲਿਸ ਵਲੋਂ ਲੱਖਾਂ ਦੇ ਪਟਾਕੇ ਬਰਾਮਦ ਕੀਤੇ ਗਏ ਹਨ।