ਕਿਡਨੀ ਦੀ ਬੀਮਾਰੀ ਤੋਂ ਪੀੜਤ 8 ਸਾਲਾ ਬੱਚੇ ਅਭਿਜੋਤ ਸਿੰਘ ਦੀ ਹੋਈ ਮੌਤ

ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਤਲਵੰਡੀ ਰਾਏਦਾਦੂ ਦਾ 8 ਸਾਲਾ ਬੱਚਾ ਅਭਿਜੋਤ ਸਿੰਘ ਜੋ ਕਿ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ ਤੇ ਭਿਆਨਕ ਹੜ੍ਹਾਂ ਦੌਰਾਨ ਲੋੜੀਂਦੇ ਇਲਾਜ ਤੋਂ ਵਾਂਝਾ ਰਹਿ ਗਿਆ ਸੀ, ਦੀ ਮੌਤ ਹੋਣ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਦੌਰਾਨ ਅਭਿਜੋਤ ਸਿੰਘ ਦਾ ਪਰਿਵਾਰ ਉਸਨੂੰ ਘਰ ਤੋਂ ਬਾਹਰ ਇਲਾਜ ਕਰਵਾਉਣ ਲਈ ਨਹੀਂ ਲਿਜਾ ਸਕਦਾ ਸੀ, ਜਦੋਂ ਉਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਅਭਿਜੋਤ ਸਿੰਘ ਨੂੰ ਤੁਰੰਤ ਕਿਸ਼ਤੀ ਰਾਹੀਂ ਹੜ੍ਹਾਂ ਦੇ ਪਾਣੀ ਤੋਂ ਬਾਹਰ ਲਿਆ ਕੇ ਇਲਾਜ ਲਈ ਪੀ.ਜੀ.ਆਈ. ਭੇਜਿਆ ਜਾਵੇ। ਉਪਰੰਤ ਸਿਵਲ ਪ੍ਰਸ਼ਾਸਨ ਤੇ ਅਭਿਨੇਤਾ ਸੋਨੂੰ ਸੂਦ ਦੀ ਟੀਮ ਵਲੋਂ ਉਸਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਿਲ ਕਰਵਾ ਦਿੱਤਾ ਸੀ। ਕਈ ਦਿਨ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜਨ ਤੋਂ ਬਾਅਦ ਉਕਤ ਬੱਚੇ ਅਭਿਜੋਤ ਸਿੰਘ ਦੀ ਮੌਤ ਹੋਣ ਕਾਰਨ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਵਲੋਂ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਅਭਿਜੋਤ ਦੀ ਨਾਜ਼ੁਕ ਹਾਲਤ ਨੇ ਆਖ਼ਿਰਕਾਰ ਉਸ ਨੂੰ ਜੀਵਨ ਦੀ ਲੜਾਈ ਹਾਰਨ 'ਤੇ ਮਜਬੂਰ ਕਰ ਦਿੱਤਾ।