ਉਪਮੰਡਲ ਟਾਂਗਰਾ ਦਫਤਰ ਦੇ ਤਾਲੇ ਤੋੜ ਲੱਖਾਂ ਦਾ ਸਾਮਾਨ ਚੋਰੀ

ਟਾਂਗਰਾ, 25 ਸਤੰਬਰ (ਹਰਜਿੰਦਰ ਸਿੰਘ ਕਲੇਰ)-ਅਣਪਛਾਤੇ ਚੋਰਾਂ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਟਾਂਗਰਾ ਦਫਤਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਜੇ.ਈ. ਦਿਲਬਾਗ ਸਿੰਘ ਅਤੇ ਸਬ-ਡਵੀਜ਼ਨ ਕਲਰਕ ਜਸਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦਫਤਰ ਅਤੇ ਕਲਰਕਾਂ-ਜੇ.ਈਜ਼ ਦੀਆਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਦਫਤਰ ਦਾ ਰਿਕਾਰਡ, ਕੰਪਿਊਟਰ, ਪ੍ਰਿੰਟਰ ਅਤੇ ਮੀਟਰ ਚੁੱਕ ਲਏ। ਇਸ ਤੋਂ ਇਲਾਵਾ ਮਹੱਤਵਪੂਰਨ ਰਿਕਾਰਡ ਨੂੰ ਵੀ ਖੁਰਦ-ਬੁਰਦ ਕੀਤਾ ਅਤੇ ਉਸ ਨਾਲ ਛੇੜਛਾੜ ਕੀਤੀ। ਚੋਰਾਂ ਨੇ ਕੈਸ਼ੀਅਰ ਅਤੇ ਏ.ਆਰ. ਦੇ ਦਫਤਰਾਂ ਦੇ ਜਿੰਦਰੇ ਵੀ ਤੋੜ ਦਿੱਤੇ। ਅਨੁਮਾਨ ਮੁਤਾਬਕ ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿਚ 100 ਘਰੇਲੂ ਸਪਲਾਈ ਸਮਾਰਟ ਮੀਟਰ ਵੀ ਚੋਰੀ ਕਰ ਲਏ ਗਏ ਹਨ। ਕੁਝ ਮਹੱਤਵਪੂਰਣ ਦਫਤਰੀ ਰਿਕਾਰਡ ਵੀ ਗਾਇਬ ਹੈ। ਦਫਤਰ ਸੁੰਨਸਾਨ ਜਗ੍ਹਾ ‘ਤੇ ਸਥਿਤ ਹੋਣ ਕਾਰਨ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ। ਚੋਰੀ ਕਾਰਨ ਆਮ ਲੋਕਾਂ ਨੂੰ ਆਪਣੇ ਬਿਜਲੀ ਦੇ ਕੰਮਾਂ ਸਬੰਧੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵਿਚ ਇਹ ਵੀ ਚਰਚਾ ਰਹੀ ਕਿ ਚੋਰੀ ਕੀਤੇ ਸਮਾਰਟ ਮੀਟਰ ਚੋਰਾਂ ਦੇ ਕਿਸ ਕੰਮ ਆਉਣਗੇ, ਇਹ ਸਮਝ ਤੋਂ ਬਾਹਰ ਦੀ ਗੱਲ ਹੈ।