JALANDHAR WEATHER

ਜੰਡਿਆਲਾ ਗੁਰੂ ਤੇ ਮਹਿਤਾ ਪੁਲਿਸ ਵਲੋਂ ਹੈਰੋਇਨ ਸਣੇ 3 ਗ੍ਰਿਫਤਾਰ

ਜੰਡਿਆਲਾ ਗੁਰੂ,  25 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਅਤੇ ਮਹਿਤਾ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ 5 ਕਿਲੋ 44 ਗ੍ਰਾਮ ਦੇ ਲਗਭਗ ਹੈਰੋਇਨ ਬਰਾਮਦ ਕਰਕੇ ਦੋ ਵਿਅਕਤੀਆਂ ਅਤੇ ਇਕ ਔਰਤ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਡਿਆਲਾ ਗੁਰੂ ਦੇ ਡੀ. ਐਸ. ਪੀ. ਰਵਿੰਦਰ ਸਿੰਘ ਜੰਡਿਆਲਾ ਗੁਰੂ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਮਹਿਤਾ ਦੇ ਪਿੰਡ ਉਦੋਂ ਨੰਗਲ ਵਿਚ ਬਲਜਿੰਦਰ ਸਿੰਘ ਅਤੇ ਉਸਦੀ ਘਰਵਾਲੀ ਨਸ਼ੇ ਦੀ ਤਸਕਰੀ ਕਰਦੇ ਹਨ ਤਾਂ ਪੁਲਿਸ ਨੇ ਰੇਡ ਕੀਤੀ ਤਾਂ ਜੀਵਨ ਦੀਪ ਕੌਰ ਦੇ ਘਰੋਂ ਡੇਢ ਕਿਲੋ ਹੈਰੋਇਨ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਜਦੋਂਕਿ ਉਸ ਦੇ ਘਰ ਵਾਲਾ ਬਲਜਿੰਦਰ ਸਿੰਘ ਮੌਕੇ ਤੋਂ ਭੱਜ ਗਿਆ ਅਤੇ ਉਸ ਦੀ ਕਾਰ ਦੀ ਤਲਾਸ਼ੀ ਲੈਣ ਉਤੇ ਉਸ ਵਿਚੋਂ ਵੀ ਡੇਢ ਕਿਲੋ ਹੈਰੋਇਨ ਬਰਾਮਦ ਹੋਈ ਤੇ ਕੁੱਲ 3 ਕਿਲੋ 44 ਗ੍ਰਾਮ ਦੇ ਲਗਭਗ ਹੈ। ਗੱਡੀ ਵਿਚੋਂ ਇਕ ਪਿਸਤੌਲ 30 ਬੋਰ, ਤਿੰਨ ਰੌਂਦ, ਇਕ ਮੈਗਜ਼ੀਨ, ਇਕ ਸਵਿਫਟ ਗੱਡੀ, ਦੋ ਕੰਡੇ ਤੇ 20 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ ਹੋਈ। ਉਕਤ ਔਰਤ ਦਾ ਤਿੰਨ ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ। ਡੀ. ਐਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਤੇ ਪਹਿਲਾਂ ਵੀ 6 ਕੇਸ ਵੱਖ-ਵੱਖ ਥਾਣਿਆਂ ਵਿਚ ਹਥਿਆਰਾਂ ਅਤੇ ਹੈਰੋਇਨ ਦੇ ਮਾਮਲੇ ਦਰਜ ਹਨ। 

ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਐਸ. ਐਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੇਵੀਦਾਸਪੁਰਾ ਤੋਂ ਮਿਹਰਬਾਨਪੁਰਾ ਨੂੰ ਜਾਂਦੀ ਸੜਕ ਉਤੇ ਨਾਕਾ ਲਗਾਇਆ ਸੀ ਤਾਂ ਦੋ ਵਿਅਕਤੀ ਐਕਟਿਵਾ ਉਤੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਿਸ ਨੇ ਰੁਕਣ ਲਈ ਕਿਹਾ ਤਾਂ ਉਹ ਨਾਕਾ ਤੋੜ ਕੇ ਭੱਜ ਗਏ ਅਤੇ ਪੁਲਿਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਕੋਲੋਂ ਡੀ. ਐਸ. ਪੀ. ਰਵਿੰਦਰ ਸਿੰਘ ਦੀ ਹਾਜ਼ਰੀ ਵਿਚ 1-1 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਹੋਰ ਕਿੱਥੇ-ਕਿੱਥੇ ਸਪਲਾਈ ਕਰਦੇ ਸਨ। ਇਸ ਮੌਕੇ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਇੰਸਪੈਕਟਰ ਮੁਖਤਿਆਰ ਸਿੰਘ, ਸਬ-ਇੰਸਪੈਕਟਰ ਪਵਨ ਕੁਮਾਰ ਅਤੇ ਹੋਰ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ