ਪਾਕਿਸਤਾਨ ਭਾਰਤ ਵਿਚ ਮਾਸੂਮ ਨਾਗਰਿਕਾਂ ’ਤੇ ਅੱਤਵਾਦੀ ਹਮਲਿਆਂ ਲਈ ਹੈ ਜ਼ਿੰਮੇਵਾਰ- ਸੰਯੁਕਤ ਰਾਸ਼ਟਰ ’ਚ ਭਾਰਤ

ਨਿਊਯਾਰਕ, 27 ਸਤੰਬਰ- ਭਾਰਤ ਨੇ ਅੱਜ ਪਾਕਿਸਤਾਨ ’ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਅਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਭਾਰਤੀ ਡਿਪਲੋਮੈਟ ਪੇਟਲ ਗਹਿਲੋਤ ਨੇ ਸੰਯੁਕਤ ਰਾਸ਼ਟਰ ’ਚ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬੇਤੁਕਾ ਡਰਾਮਾ ਕੀਤਾ ਹੈ। ਉਹ ਅੱਤਵਾਦ ਨੂੰ ਉਤਸ਼ਾਹਿਤ ਕਰਦੇ ਹਨ, ਜੋ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਹਿੱਸਾ ਹੈ। ਕੋਈ ਵੀ ਡਰਾਮਾ ਜਾਂ ਝੂਠ ਸੱਚ ਨੂੰ ਛੁਪਾ ਨਹੀਂ ਸਕਦਾ।
ਗਹਿਲੋਤ ਨੇ ਮਈ ਦੇ ਸੰਘਰਸ਼ ਬਾਰੇ ਸ਼ਰੀਫ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ 9 ਮਈ ਤੱਕ ਪਾਕਿਸਤਾਨ ਭਾਰਤ ’ਤੇ ਹਮਲਾ ਕਰਨ ਦੀ ਧਮਕੀ ਦੇ ਰਿਹਾ ਸੀ। ਪਰ 10 ਮਈ ਨੂੰ ਭਾਰਤੀ ਫੌਜ ਨੇ ਕਈ ਪਾਕਿਸਤਾਨੀ ਹਵਾਈ ਅੱਡੇ ਤਬਾਹ ਕਰ ਦਿੱਤੇ। ਇਸ ਤੋਂ ਬਾਅਦ ਪਾਕਿਸਤਾਨ ਨੇ ਜੰਗ ਰੋਕਣ ਦੀ ਅਪੀਲ ਕੀਤੀ। ਜੇਕਰ ਸਾੜੇ ਗਏ ਹਵਾਈ ਅੱਡੇ ਜਿੱਤ ਹਨ, ਤਾਂ ਪਾਕਿਸਤਾਨ ਨੂੰ ਇਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ’ਚ ਭਾਰਤ ਨੂੰ ਦੁਸ਼ਮਣ ਦੱਸਦੇ ਹੋਏ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਭਾਰਤ ਨਾਲ ਸੰਘਰਸ਼ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਸੰਘਰਸ਼ ਦੌਰਾਨ ਸੱਤ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਸੀ। ਗਹਿਲੋਤ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਰੇ ਮੁੱਦੇ ਦੁਵੱਲੀ ਗੱਲਬਾਤ ਰਾਹੀਂ ਹੱਲ ਕੀਤੇ ਜਾਣਗੇ। ਕਿਸੇ ਤੀਜੀ ਧਿਰ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਪਾਕਿਸਤਾਨ ਦੇ ਸ਼ਾਂਤੀ ਦੇ ਦਾਅਵਿਆਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਨਫ਼ਰਤ ਨਾਲ ਭਰਿਆ ਹੋਇਆ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਉਹ ਅੱਤਵਾਦ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਏਗਾ। ਗਹਿਲੋਤ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦਾ ਸਨਮਾਨ ਕਰਦਾ ਹੈ।
ਗਹਿਲੋਤ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਦੇ ਬਹਾਵਲਪੁਰ ਅਤੇ ਮੁਰੀਦਕੇ ਵਿਚ ਮਾਰੇ ਗਏ ਅੱਤਵਾਦੀਆਂ ਦਾ ਹਵਾਲਾ ਦਿੱਤਾ ਅਤੇ ਪਾਕਿਸਤਾਨ ’ਤੇ ਬਦਨਾਮ ਅੱਤਵਾਦੀਆਂ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਦਾ ਦੋਸ਼ ਲਗਾਇਆ।
ਗਹਿਲੋਤ ਨੇ ਅੱਗੇ ਕਿਹਾ ਕਿ ਇਕ ਤਸਵੀਰ ਹਜ਼ਾਰ ਸ਼ਬਦ ਬੋਲਦੀ ਹੈ ਅਤੇ ਅਸੀਂ ਆਪ੍ਰੇਸ਼ਨ ਸੰਧੂਰ ਦੌਰਾਨ ਬਹਾਵਲਪੁਰ ਅਤੇ ਮੁਰੀਦਕੇ ਅੱਤਵਾਦੀ ਕੈਂਪਾਂ ਵਿਚ ਮਾਰੇ ਗਏ ਅੱਤਵਾਦੀਆਂ ਦੀਆਂ ਕਈ ਫੋਟੋਆਂ ਦੇਖੀਆਂ। ਜਦੋਂ ਪਾਕਿਸਤਾਨੀ ਫੌਜ ਅਤੇ ਅਧਿਕਾਰੀ ਖੁੱਲ੍ਹੇਆਮ ਅੱਤਵਾਦੀਆਂ ਨੂੰ ਸ਼ਰਧਾਂਜਲੀ ਦਿੰਦੇ ਹਨ, ਤਾਂ ਕੀ ਇਹ ਸ਼ਾਸਨ ’ਤੇ ਸ਼ੱਕ ਨਹੀਂ ਪੈਦਾ ਕਰੇਗਾ?
ਗਹਿਲੋਤ ਨੇ ਜ਼ੋਰ ਦੇ ਕੇ ਕਿਹਾ ਕਿ ਸੱਚਾਈ ਇਹ ਹੈ ਕਿ ਪਹਿਲਾਂ ਵਾਂਗ ਪਾਕਿਸਤਾਨ ਭਾਰਤ ਵਿਚ ਮਾਸੂਮ ਨਾਗਰਿਕਾਂ ’ਤੇ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ। ਅਸੀਂ ਆਪਣੇ ਲੋਕਾਂ ਦੀ ਰੱਖਿਆ ਕਰਨ ਅਤੇ ਜਵਾਬੀ ਕਾਰਵਾਈ ਕਰਨ, ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਤੁਰੰਤ ਸਾਰੇ ਅੱਤਵਾਦੀ ਕੈਂਪ ਬੰਦ ਕਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਰਤ ਪ੍ਰਮਾਣੂ ਬਲੈਕਮੇਲ ਦੇ ਸਾਹਮਣੇ ਝੁਕੇ ਬਿਨਾਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਪਾਂਸਰਾਂ ਦੋਵਾਂ ਨੂੰ ਜਵਾਬਦੇਹ ਠਹਿਰਾਏਗਾ।