ਤਾਮਿਲਨਾਡੂ 'ਚ ਵੱਡਾ ਹਾਦਸਾ : ਅਦਾਕਾਰ ਵਿਜੇ ਦੀ ਰੈਲੀ 'ਚ ਮਚੀ ਭਾਜੜ, ਬੱਚਿਆਂ ਸਮੇਤ 31 ਲੋਕਾਂ ਦੀ ਮੌਤ

ਤਾਮਿਲਨਾਡੂ, 27 ਸਤੰਬਰ-ਤਾਮਿਲਨਾਡੂ ਦੇ ਕਰੂਰ ਵਿਚ ਅਦਾਕਾਰ ਵਿਜੇ ਦੀ ਰੈਲੀ ਵਿਚ ਇਕ ਵੱਡੀ ਘਟਨਾ ਵਾਪਰੀ। ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਬੱਚਿਆਂ ਅਤੇ ਪਾਰਟੀ ਵਰਕਰਾਂ ਸਮੇਤ ਬਹੁਤ ਸਾਰੇ ਲੋਕ ਦਮ ਘੁੱਟਣ ਕਾਰਨ ਮਰ ਗਏ। ਹੁਣ ਤੱਕ 31 ਲੋਕਾਂ ਦੀ ਮੌਤ ਦੀ ਖ਼ਬਰ ਹੈ। ਵਿਜੇ ਨੇ ਸਥਿਤੀ ਨੂੰ ਦੇਖ ਕੇ ਤੁਰੰਤ ਆਪਣਾ ਭਾਸ਼ਣ ਰੋਕ ਦਿੱਤਾ ਅਤੇ ਸਟੇਜ ਤੋਂ ਪਾਣੀ ਦੀਆਂ ਬੋਤਲਾਂ ਭੀੜ ਵੱਲ ਸੁੱਟ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਐਂਬੂਲੈਂਸਾਂ ਨੂੰ ਭੀੜ ਵਿਚੋਂ ਲੰਘਣ ਵਿਚ ਮੁਸ਼ਕਿਲ ਆਈ। ਬੇਹੋਸ਼ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਤਾਮਿਨਨਾਡੂ ਦੇ ਸਾਬਕਾ ਮੰਤਰੀ ਅਤੇ ਡੀ.ਐਮ.ਕੇ. ਨੇਤਾ ਵੀ ਸੇਂਥਿਲ ਬਾਲਾਜੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਕਰੂਰ ਪਹੁੰਚੇ। ਉਨ੍ਹਾਂ ਕਿਹਾ ਕਿ ਹੁਣ ਤੱਕ, ਭਗਦੜ ਵਿਚ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 58 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਭਗਦੜ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਪੁੱਛਗਿੱਛ ਕੀਤੀ ਅਤੇ ਜ਼ਿਲ੍ਹਾ ਕੁਲੈਕਟਰ, ਐਸ.ਪੀ. ਅਤੇ ਮੈਨੂੰ ਹਸਪਤਾਲ ਪਹੁੰਚਣ ਦਾ ਆਦੇਸ਼ ਦਿੱਤਾ। ਸਾਨੂੰ ਵਾਧੂ ਡਾਕਟਰਾਂ ਨੂੰ ਬੁਲਾਉਣ ਅਤੇ ਸਹੀ ਇਲਾਜ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ। ਕੱਲ੍ਹ, ਮੁੱਖ ਮੰਤਰੀ ਖੁਦ ਇਥੇ ਆਉਣ ਵਾਲੇ ਹਨ। ਹੁਣ ਤੱਕ, 46 ਵਿਅਕਤੀ ਨਿੱਜੀ ਹਸਪਤਾਲ ਵਿਚ ਹਨ ਅਤੇ 12 ਵਿਅਕਤੀ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਹਨ।