ਪਿੰਡ ਬਾਹਮਣੀਵਾਲਾ ਵਿਖੇ ਗੈਂਗਸਟਰ ਦਾ ਇਨਕਾਊਂਟਰ

ਤਰਨਤਾਰਨ, 28 ਸਤੰਬਰ (ਹਰਿੰਦਰ ਸਿੰਘ)-ਥਾਣਾ ਸਦਰ ਪੱਟੀ ਅਧੀਨ ਪਿੰਡ ਬਾਹਮਣੀਵਾਲਾ ਵਿਖੇ ਹਥਿਆਰਾਂ ਦੀ ਬਰਾਮਦਗੀ ਲਈ ਇਕ ਗੈਂਗਸਟਰ ਨੂੰ ਲੈ ਕੇ ਆਈ ਪੁਲਿਸ ਪਾਰਟੀ ’ਤੇ ਗੈਂਗਸਟਰ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿਚ ਪੁਲਿਸ ਦੀ ਗੋਲੀ ਲੱਗਣ ਨਾਲ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਲਵਕੇਸ਼ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਸਦਰ ਪੱਟੀ ਵਿਖੇ ਰਾਜਦੀਪ ਸਿੰਘ ਉਰਫ਼ ਰਾਜਾ ਪੁੱਤਰ ਜਸਵੰਤ ਸਿੰਘ ਵਾਸੀ ਬੂਹ ਨੂੰ ਇਕ ਪਿਸਤੌਲ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਰਾਜਦੀਪ ਸਿੰਘ ਰਾਜਾ ਖ਼ਿਲਾਫ਼ ਥਾਣਾ ਹਰੀਕੇ ਅਤੇ ਜ਼ੀਰਾ ਵਿਖੇ ਇਰਾਦਾ ਕਤਲ ਤੇ ਹੋਰ ਵੀ ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਰਾਜਦੀਪ ਸਿੰਘ ਰਾਜਾ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਉਸ ਕੋਲ ਇਕ ਹੋਰ ਪਿਸਤੌਲ ਹੈ, ਜੋ ਉਸ ਨੇ ਪਿੰਡ ਬਾਹਮਣੀਵਾਲਾ ਵਿਖੇ ਵੀਰਾਨ ਜਗ੍ਹਾ ’ਤੇ ਲੁਕੋ ਕੇ ਰੱਖਿਆ ਹੈ। ਥਾਣਾ ਸਦਰ ਪੱਟੀ ਦੀ ਪੁਲਿਸ ਪਾਰਟੀ ਨੇ ਪਿਸਤੌਲ ਦੀ ਬਰਾਮਦਗੀ ਲਈ ਜਦੋਂ ਰਾਜਦੀਪ ਸਿੰਘ ਰਾਜਾ ਨੂੰ ਉਸ ਦੀ ਦੱਸੀ ਹੋਈ ਜਗ੍ਹਾ ਪਿੰਡ ਬਾਹਮਣੀਵਾਲਾ ਵਿਖੇ ਲਿਆਂਦਾ ਤਾਂ ਇਸ ਨੇ ਪਿਸਤੌਲ ਬਰਾਮਦ ਕਰਵਾਉਣ ਸਮੇਂ ਲੁਕੋਏ ਹੋਏ ਲੋਡਿਡ ਪਿਸਤੌਲ ਨਾਲ ਪੁਲਿਸ ’ਤੇ ਫਾਇਰ ਕਰ ਦਿੱਤੇ। ਪੁਲਿਸ ਵਲੋਂ ਆਪਣੀ ਸੁਰੱਖਿਆ ਅਤੇ ਜਵਾਬੀ ਕਾਰਵਾਈ ’ਚ ਦੋ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਗੋਲੀ ਰਾਜਦੀਪ ਸਿੰਘ ਰਾਜਾ ਦੀ ਲੱਤ ’ਤੇ ਲੱਗੀ।
ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹਾਲਤ ਵਿਚ ਇਸ ਨੂੰ ਤੁਰੰਤ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਡੀ.ਐਸ.ਪੀ. ਲਵਕੇਸ਼ ਨੇ ਇਹ ਵੀ ਦੱਸਿਆ ਕਿ ਇਹ ਵੀ ਪਤਾ ਲੱਗਾ ਹੈ ਕਿ ਰਾਜਦੀਪ ਸਿੰਘ ਰਾਜਾ ਗੈਂਗਸਟਰ ਪ੍ਰਭ ਦਾਸੂਵਾਲ ਦਾ ਗੁਰਗਾ ਹੈ ਅਤੇ ਉਸ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਜਦੀਪ ਸਿੰਘ ਰਾਜਾ ਵਲੋਂ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।