ਪਿੰਡ ਗੁਰਮ ਵਿਖੇ ਸ਼ਹੀਦ ਭਗਤ ਸਿੰਘ ਦਾ ਆਦਮ-ਕੱਦ ਬੁੱਤ ਸਥਾਪਿਤ

ਮਹਿਲ ਕਲਾਂ (ਬਨਰਨਾਲਾ), 28 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਗੁਰਮ (ਬਰਨਾਲਾ) ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦ-ਏ-ਆਜ਼ਮ ਦਾ ਆਦਮ-ਕੱਦ ਬੁੱਤ ਬਸ ਸਟੈਂਡ ਗੁਰਮ ਵਿਖੇ ਸਥਾਪਿਤ ਕੀਤਾ ਗਿਆ। ਇਹ ਕਾਰਜ ਸਮਾਜ ਸੇਵੀ ਬਾਬਾ ਸੱਚ ਕਾ ਨੰਦ ਦੀ ਅਗਵਾਈ ਹੇਠ, ਉਨ੍ਹਾਂ ਦੇ ਪੁੱਤਰਾਂ ਬਾਬਾ ਮਾਨ ਦਾਸ ਗੁਰਮ, ਬਾਬਾ ਆਕਲੂ ਦਾਸ ਦੇ ਅਹਿਮ ਯੋਗਦਾਨ ਨਾਲ ਮੁਕੰਮਲ ਹੋਇਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਆਰਐੱਮਪੀਆਈ ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ ਨੇ ਸ਼ਮੂਲੀਅਤ ਕਰਦਿਆ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ, ਪਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਪਨਿਆਂ ਦੀ ਆਜ਼ਾਦੀ ਦੇ ਮਿਸ਼ਨ ਦੀ ਪੂਰਤੀ ਲਈ ਸਾਰਿਆਂ ਨੂੰ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਮਹਾਨ ਸੂਰਬੀਰ ਯੋਧਿਆਂ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਲੈ ਕੇ ਜਾਣ ਦੀ ਅਪੀਲ ਕਰਦਿਆ ਕਿਹਾ ਕਿ ਭਗਤ ਸਿੰਘ ਸਿਰਫ਼ 24 ਸਾਲ ਦੀ ਉਮਰ 'ਚ ਹੀ ਇਸ ਨਤੀਜੇ 'ਤੇ ਪਹੁੰਚ ਗਏ ਸਨ ਕਿ ਭਾਰਤ ਨੂੰ ਅੰਗਰੇਜ਼ੀ ਗੁਲਾਮੀ ਤੋਂ ਆਜ਼ਾਦ ਕਰਵਾਉਣਾ ਲਾਜ਼ਮੀ ਹੈ, ਪਰ ਉਸ ਸਮੇਂ ਦੇ ਮੌਕਾਪ੍ਰਸਤ ਲੀਡਰਾਂ ਦੀ ਬਦਨੀਤੀ ਕਰਕੇ ਵੱਡੀਆਂ ਕੁਰਬਾਨੀਆਂ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਪਨਿਆਂ ਦੀ ਆਜ਼ਾਦੀ ਅਜੇ ਤੱਕ ਵੀ ਨਹੀਂ ਆਈ ।
ਲੰਬਾ ਸਮਾ ਬੀਤ ਜਾਣ ਦੇ ਬਾਵਜੂਦ ਲੋਕ ਮੁਢਲੀਆਂ ਲੋੜਾਂ ਤੋਂ ਵੀ ਵਾਂਝੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਜੇਕਰ ਅਸੀਂ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ, ਤਾਂ ਘਰ-ਘਰ, ਪਿੰਡ-ਪਿੰਡ ਉਸ ਦੀ ਵਿਚਾਰਧਾਰਾ ਨੂੰ ਪਹੁੰਚਾਉਣਾ ਪਵੇਗਾ। ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਹੀ ਅਸੀਂ ਅਸਲ ਸਮਾਜਕ ਬਰਾਬਰੀ, ਨਿਆਂ ਅਤੇ ਮਨੁੱਖਤਾ ਵਾਲੇ ਰਾਜ ਪ੍ਰਬੰਧ ਦੀ ਸਿਰਜਣਾ ਕਰ ਸਕਦੇ ਹਾਂ। ਸਾਥੀ ਨਰਾਇਣ ਦੱਤ ਨੇ ਸੱਚ ਕਾ ਨੰਦ ਗੁਰਮਾਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦ ਦਾ ਬੁੱਤ ਸਥਾਪਿਤ ਕਰਨ ਦੇ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਸ਼ਹੀਦ ਦਾ ਇਹ ਬੁੱਤ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਇਕ ਪ੍ਰੇਰਨਾ ਦਾ ਸਰੋਤ ਬਣੇਗਾ ।