ਪੁਲਿਸ ਵਲੋਂ ਇਕ ਗਲੌਕ ਪਿਸਟਲ, ਇਕ ਜਿਗਾਨਾ ਪਿਸਟਲ ਅਤੇ 532 ਗ੍ਰਾਮ ਅਫ਼ੀਮ ਸਮੇਤ 3 ਗ੍ਰਿਫ਼ਤਾਰ

ਅਟਾਰੀ, (ਅੰਮ੍ਰਿਤਸਰ) 30 ਸਤੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਅਤੇ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਇਕ ਗਲੌਕ ਪਿਸਟਲ, ਇਕ ਜਿਗਾਨਾ ਪਿਸਟਲ, 532 ਗ੍ਰਾਮ ਅਫ਼ੀਮ ਅਤੇ ਇਕ ਮੋਟਰ ਸਾਈਕਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਵਲੋਂ ਡਰੇਨ ਪਿੰਡ ਮੋਦੇ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਅਟੱਲਗੜ ਸਾਈਡ ਤੋਂ ਮੋਟਰ ਸਾਈਕਲ ਸਵਾਰ 3 ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਨੂੰ ਕਾਬੂ ਕਰਕੇ ਨਾਮ/ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣੇ ਨਾਮ ਕਰਨਬੀਰ ਸਿੰਘ, ਸਾਹਿਲਪ੍ਰੀਤ ਸਿੰਘ ਅਤੇ ਹੁਸਨਦੀਪ ਸਿੰਘ ਦੱਸਿਆ। ਤਲਾਸ਼ੀ ਕਰਨ ’ਤੇ ਉਨ੍ਹਾਂ ਕੋਲੋਂ 2 ਪਿਸਟਲ (ਇਕ ਗਲੌਕ ਅਤੇ ਇਕ ਜਿਗਾਨਾ) ਅਤੇ 532 ਗ੍ਰਾਮ ਹੈਰੋਇੰਨ ਬਰਾਮਦ ਹੋਈ, ਜਿਸ ਸੰਬੰਧੀ ਉਕਤ ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਥਾਣਾ ਘਰਿੰਡਾ ਵਿਖੇ ਐਨ.ਡੀ.ਪੀ.ਐਸ, 25(8)/54/59 ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।
ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਦੋਸ਼ੀ ਵਟਸਐਪ ਰਾਹੀਂ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿਚ ਸਨ। ਉਕਤ ਗ੍ਰਿਫ਼ਤਾਰ ਦੇ ਅਗਲੇ ਤੇ ਪਿਛਲੇ ਲਿੰਕ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।