ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਤਰਨ ਤਾਰਨ ਉਪ ਚੋਣ ਲੜਨ ਲਈ ਭਾਈ ਸੰਦੀਪ ਸਿੰਘ ਸੰਨੀ ਨੂੰ ਕੀਤਾ ਜਾਵੇਗਾ ਨਾਮਜ਼ਦ- ਬਾਪੂ ਤਰਸੇਮ ਸਿੰਘ, ਜੌਹਲ

ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਆਗੂ ਪਰਮਜੀਤ ਸਿੰਘ ਜੌਹਲ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੋਣ ਜਾ ਰਹੀ ਤਰਨ ਤਾਰਨ ਉਪ ਚੋਣ ਲਈ ਜੇਕਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਨਾ ਲੜੀ ਤਾਂ ਇਸ ਵੇਲੇ ਜੇਲ੍ਹ ਵਿਚ ਨਜ਼ਰਬੰਦ ਭਾਈ ਸੰਦੀਪ ਸਿੰਘ ਸੰਨੀ ਨੂੰ ਚੋਣ ਲੜਨ ਦੀ ਪਾਰਟੀ ਵਲੋਂ ਇਹ ਚੋਣ ਲੜਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਤਿੰਨ ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਘਟੋ ਘੱਟ ਇਕ ਮਹੀਨਾ ਪੈਰੋਲ ਦੇਣ ਅਤੇ ਉਨ੍ਹਾਂ ਦੇ ਸੰਸਦੀ ਫ਼ੰਡ ਜਾਰੀ ਕਰਨ ਸੰਬੰਧੀ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਤਾਂ ਕਿ ਉਹ ਆਪਣੇ ਹਲਕਾ ਖਡੂਰ ਸਾਹਿਬ ਵਿਚ ਆਏ ਹੜ੍ਹਾਂ ਕਾਰਨ ਪੀੜਤ ਲੋਕਾਂ ਦੀ ਸਾਰ ਲੈ ਸਕਣ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਸਕਣ, ਪਰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਇਹ ਮੰਗ ਬੇ-ਤੁਕੇ ਤਰਕਾਂ ਨਾਲ ਰੱਦ ਕਰ ਦਿੱਤੀ ਗਈ ਹੈ।
ਪਿਛਲੇ ਦਿਨੀਂ ਨਵੇਂ ਅਕਾਲੀ ਦਲ ਦੀ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਵਲੋਂ ਪੰਥਕ ਏਕਤਾ ਦੀ ਕੀਤੀ ਅਪੀਲ ਸੰਬੰਧੀ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਖੇਤਰੀ ਪਾਰਟੀਆਂ ਨਾਲ ਤਾਂ ਤਾਲਮੇਲ ਕੀਤਾ ਜਾ ਸਕਦਾ ਹੈ ਪਰ ਕਿਸੇ ਵੀ ਕੌਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਚੋਣ ਗਠਜੋੜ ਨਹੀਂ ਕੀਤਾ ਜਾਵੇਗਾ। ਪਾਰਟੀ ਆਗੂਆਂ ਨੇ ਵਾਤਾਵਰਨ ਪ੍ਰੇਮੀ ਵਾਂਗਚੁੱਕ ’ਤੇ ਲਗਾਈ ਐਨ.ਐਸ.ਏ. ਰੱਦ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਭਾਈ ਅਮਰਜੀਤ ਸਿੰਘ ਵੰਨ ਚਿੜੀ, ਭਾਈ ਸੁਖਦੇਵ ਸਿੰਘ ਕਾਦੀਆਂ, ਪ੍ਰਗਟ ਸਿੰਘ ਮੀਆਂਵਿੰਡ ਭਾਈ ਅਮਨਦੀਪ ਸਿੰਘ ਡੱਡੂਆਣਾ, ਸ਼ਮਸ਼ੇਰ ਸਿੰਘ ਤੇ ਭਾਈ ਦਇਆ ਸਿੰਘ ਸਮੇਤ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ।