ਭੁਚਾਲ ਦੇ ਝਟਕਿਆਂ ਨਾਲ ਕੰਬਿਆ ਫਿਲੀਪੀਨਜ਼, 31 ਲੋਕਾਂ ਦੀ ਮੌਤ

ਮਨੀਲਾ, 1 ਅਕਤੂਬਰ- ਮੰਗਲਵਾਰ ਦੇਰ ਰਾਤ ਫਿਲੀਪੀਨਜ਼ ਦੇ ਇਕ ਕੇਂਦਰੀ ਸੂਬੇ ਵਿਚ 6.9 ਤੀਬਰਤਾ ਦਾ ਭੁਚਾਲ ਆਇਆ, ਜਿਸ ਨਾਲ ਵੱਡੀ ਤਬਾਹੀ ਹੋਈ ਹੈ। ਭੁਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਘਰਾਂ ਅਤੇ ਇਮਾਰਤਾਂ ਦੀਆਂ ਕੰਧਾਂ ਢਹਿ ਗਈਆਂ, ਜਿਸ ਨਾਲ ਕਰੀਬ 31 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਭੁਚਾਲ ਨੇ ਫਿਲੀਪੀਨਜ਼ ਦੇ ਜ਼ਿਆਦਾਤਰ ਹਿੱਸੇ ਵਿਚ ਬਿਜਲੀ ਸਪਲਾਈ ਵੀ ਠੱਪ ਕਰ ਦਿੱਤੀ, ਜਿਸ ਕਾਰਨ ਲੋਕਾਂ ਨੂੰ ਹਨੇਰੇ ਵਿਚ ਆਪਣੇ ਘਰਾਂ ਤੋਂ ਭੱਜਣਾ ਪਿਆ।
ਭੁਚਾਲ ਦਾ ਕੇਂਦਰ ਪੰਜ ਕਿਲੋਮੀਟਰ ਜ਼ਮੀਨਦੋਜ਼ ਸੀ, ਜੋ ਕਿ ਸੇਬੂ ਸੂਬੇ ਦੇ ਤੱਟਵਰਤੀ ਸ਼ਹਿਰ ਬੋਗੋ ਤੋਂ ਲਗਭਗ 19 ਕਿਲੋਮੀਟਰ ਉੱਤਰ-ਪੂਰਬ ਵਿਚ ਸੀ, ਜਿਸ ਦੀ ਆਬਾਦੀ 90,000 ਹੈ। ਇਥੇ ਕਰੀਬ 14 ਲੋਕ ਮਾਰੇ ਗਏ ਹਨ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਬੋਗੋ ਵਿਚ ਬਚਾਅ ਕਰਮਚਾਰੀ ਮਲਬੇ ਵਿਚ ਦੱਬੇ ਹੋਏ ਲੋਕਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ।