ਪੰਜਾਬ ਵਿਚ ਰੇਤ ਦੀ ਨਜਾਇਜ਼ ਮਾਈਨਿੰਗ ਹੋਣ ਨਾਲ ਸੜਕਾਂ ਦਾ ਹੋ ਰਿਹਾ ਨੁਕਸਾਨ, ਪੰਜਾਬ ਸਰਕਾਰ ਨੂੰ ਲਿਖਾਂਗਾ ਪੱਤਰ-ਕੇਂਦਰੀ ਰਾਜ ਮੰਤਰੀ ਅਜੈ ਟਮਟਾ

ਅਜਨਾਲਾ, (ਅੰਮ੍ਰਿਤਸਰ), 1 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-27 ਅਗਸਤ ਨੂੰ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਨਾਲ ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਰਾਜ ਮੰਤਰੀ ਅਜੈ ਟਮਟਾ ਅਜਨਾਲਾ ਪਹੁੰਚੇ। ਇਸ ਮੌਕੇ ਜਾਇਜ਼ਾ ਲੈਂਦਿਆਂ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਭਿਆਨਕ ਹੜ੍ਹਾਂ ਕਾਰਨ ਜਿਥੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉੱਥੇ ਹੀ ਐਨ.ਐਚ.ਏ.ਆਈ. ਵਲੋਂ ਬਣਾਏ ਜਾ ਰਹੇ ਹਾਈਵੇਜ਼ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਵਿਚ ਰੇਤ ਦੀ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੂਬੇ ਅੰਦਰ ਰੇਤ ਦੀ ਨਜਾਇਜ਼ ਮਾਈਨਿੰਗ ਹੋਣ ਕਾਰਨ ਸੜਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਨਜਾਇਜ਼ ਮਾਈਨਿੰਗ ਰੋਕਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ, ਜਿਸ ਸੰਬੰਧੀ ਉਹ ਰਾਜ ਸਕਰਾਰ ਨੂੰ ਪੱਤਰ ਲਿਖਣਗੇ।
ਕੇਂਦਰੀ ਰਾਜ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਬਣ ਰਹੇ ਨਵੇਂ ਹਾਈਵੇਜ਼ ਲਈ ਰਾਜ ਸਰਕਾਰ ਵਲੋਂ ਲੋੜੀਂਦਾ ਸਹਿਯੋਗ ਨਾ ਦੇਣ ਕਰਕੇ ਕਈ ਪ੍ਰੋਜੈਕਟ ਅੱਧ ਵਿਚਾਲੇ ਰੁਕੇ ਪਏ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਐਨ.ਐਚ.ਏ.ਆਈ ਵਲੋਂ ਰਾਜਾਸਾਂਸੀ ਹਵਾਈ ਅੱਡੇ ’ਤੋਂ ਅਜਨਾਲਾ ਵਾਇਆ ਰਮਦਾਸ ਗੁਰਦਾਸਪੁਰ ਜੰਕਸ਼ਨ ਤੱਕ ਬਣਾਏ ਜਾ ਰਹੇ ਹਾਈਵੇ 354 ਲਈ ਪੰਜਾਬ ਸਰਕਾਰ ਵਲੋਂ ਜ਼ਮੀਨ ਉਪਲਬਧ ਨਾ ਕਰਵਾਉਣ ਕਰਕੇ ਲਗਭਗ 10 ਕਿਲੋਮੀਟਰ ਨਵੇਂ ਬਣਨ ਵਾਲੇ ਹਾਈਵੇ ਨੂੰ ਹਟਾ ਦਿੱਤਾ ਗਿਆ ਹੈ। ਕਿਸਾਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਅਜਨਾਲਾ ਸ਼ਹਿਰ ਦੇ ਬਾਹਰ ਹਾਈਵੇ ’ਤੇ ਬਣ ਰਹੇ ਪੁਲ ਨੂੰ ਵੀ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਬਣਾਇਆ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਸ ਪੁਲ ਕਰਕੇ ਕਿਸਾਨ ਭਰਾਵਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹੜ੍ਹ ਪੀੜਤਾਂ ਲਈ ਫੌਰੀ ਰਾਹਤ ਵਜੋਂ ਦਿੱਤੇ 16 ਕਰੋੜ ਰੁਪਏ ਨਾਲ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਭਾਜਪਾ ਓ.ਬੀ.ਸੀ ਮੋਰਚਾ ਦੇ ਸੂਬਾ ਪ੍ਰਧਾਨ ਜ਼ਿਲਾ ਅੰਮ੍ਰਿਤਸਰ ਦਿਹਾਤੀ 1 ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਸਮੇਤ ਹੋਰ ਆਗੂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।