ਪੰਜਾਬੀ ਪਰਿਵਾਰ ਨੂੰ ਆਸਟ੍ਰੇਲੀਆ ਛੱਡਣ ਦੇ ਹੁਕਮ

ਮੈਲਬੋਰਨ, 1 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆਈ ਇਮੀਗ੍ਰੇਸ਼ਨ ਨੀਤੀਆਂ ਦੀ ਸਖ਼ਤੀ ਕਾਰਨ ਮੈਲਬੋਰਨ ਦੇ ਵਿੰਡਹਮ ਵੇਲ ਇਲਾਕੇ ਵਿਚ ਰਹਿ ਰਹੇ ਇਕ ਪੰਜਾਬੀ ਪਰਿਵਾਰ ਨੂੰ ਨਵੰਬਰ ਤੱਕ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਹਨ। ਅਮਨਦੀਪ ਕੌਰ ਅਤੇ ਸਟਿਵਨ ਸਿੰਘ 2009 ਵਿਚ ਆਸਟ੍ਰੇਲੀਆ ਆਏ ਸਨ। ਉਹ ਪਿਛਲੇ ਕਈ ਸਾਲਾਂ ਤੋਂ ਆਰਜ਼ੀ ਵੀਜ਼ਿਆਂ ‘ਤੇ ਇੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਕਈ ਵਾਰ ਪੱਕੀ ਰਹਾਇਸ਼ ਲਈ ਅਰਜ਼ੀਆਂ ਦਾਖ਼ਲ ਕਰ ਚੁੱਕੇ ਹਨ ਪਰ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਰੱਦ ਕਰਦੇ ਹੋਏ ਹੁਣ ਇਸ ਪਰਿਵਾਰ ਨੂੰ ਵਾਪਸ ਭਾਰਤ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਇਸ ਫ਼ੈਸਲੇ ਨਾਲ ਉਨ੍ਹਾਂ ਦੇ 12 ਸਾਲਾ ਪੁੱਤਰ ਅਭਿਜੋਤ ਸਿੰਘ ਦਾ ਭਵਿੱਖ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਅਭਿਜੋਤ ਆਸਟ੍ਰੇਲੀਆ ਵਿਚ ਜੰਮਿਆ ਹੈ ਅਤੇ ਆਸਟ੍ਰੇਲੀਆਈ ਨਾਗਰਿਕਤਾ ਰੱਖਦਾ ਹੈ। ਉਹ ਸਥਾਨਕ ਸਕੂਲ ਵਿਚ ਪੜ੍ਹਦਾ ਹੈ ਅਤੇ ਆਪਣੇ ਦੋਸਤਾਂ, ਅਧਿਆਪਕਾਂ ਅਤੇ ਇਥੇ ਦੀ ਜ਼ਿੰਦਗੀ ਨਾਲ ਗਹਿਰਾ ਰਿਸ਼ਤਾ ਜੋੜ ਚੁੱਕਿਆ ਹੈ। ਮਨੁੱਖੀ ਹੱਕਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਇਮੀਗ੍ਰੇਸ਼ਨ ਨੀਤੀ ਦਾ ਨਹੀਂ, ਸਗੋਂ ਬੱਚੇ ਦੇ ਹੱਕਾਂ ਦਾ ਵੀ ਹੈ। ਬੱਚੇ ਨੂੰ ਆਪਣੇ ਮਾਪਿਆਂ ਨਾਲ ਰਹਿਣ ਦਾ ਹੱਕ ਹੈ ਅਤੇ ਸਰਕਾਰੀ ਫ਼ੈਸਲੇ ਨਾਲ ਇਹ ਹੱਕ ਖਤਰੇ ਵਿਚ ਪੈ ਰਿਹਾ ਹੈ। ਫਿਲਹਾਲ ਪਰਿਵਾਰ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰ ਰਿਹਾ ਹੈ ਤਾਂ ਜੋ ਇਸ ਫ਼ੈਸਲੇ ਦੇ ਖ਼ਿਲਾਫ਼ ਕੋਈ ਆਖ਼ਰੀ ਰਾਹ ਕੱਢਿਆ ਜਾ ਸਕੇ।