JALANDHAR WEATHER

ਸਰਹੱਦੀ ਇਲਾਕਿਆਂ 'ਚ ਅੱਗੇ ਆਈ ਯੂਥ ਅਕਾਲੀ ਦਲ ਦੀ ਟੀਮ

ਫ਼ਾਜ਼ਿਲਕਾ, 1 ਅਕਤੂਬਰ (ਬਲਜੀਤ ਸਿੰਘ)-ਯੂਥ ਅਕਾਲੀ ਦਲ ਵਲੋਂ ਫਾਜ਼ਿਲਕਾ ਵਿਚ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿਚ ਫੌਗਿੰਗ ਮਸ਼ੀਨਾਂ ਰਾਹੀਂ ਸਪਰੇਅ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਜਨਰਲ ਅਕਾਸ਼ਦੀਪ ਸਿੰਘ ਮਿੱਢੂਖੇੜਾ ਉਚੇਚੇ ਤੌਰ ’ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡ ਰੇਤੇਵਾਲੀ ਭੈਣੀ ਵਿਖੇ ਪੁੁੱਜੇ, ਜਿਥੇ ਉਨ੍ਹਾਂ ਪਿੰਡਾਂ ਅੰਦਰ ਹੜ੍ਹਾਂ ਵਲੋਂ ਮਚਾਈ ਗਈ ਤਬਾਹੀ ਨੂੰ ਦੇਖਿਆ ਅਤੇ ਕਿਹਾ ਕਿ ਧੰਨ ਹਨ ਇਹ ਲੋਕ ਜੋ ਇੰਨੀ ਵੱਡੀ ਮਾਰ ਝੱਲ ਕੇ ਵੀ ਚੜ੍ਹਦੀ ਕਲਾ ਵਿਚ ਹਨ।

ਇਸ ਮੌਕੇ ਸ. ਮਿੱਢੂਖੇੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੱਛਰਾਂ ਦੀ ਭਰਮਾਰ ਅਤੇ ਬੀਮਾਰੀਆਂ ਤੋਂ ਰੋਕਥਾਮ ਲਈ 500 ਫੌਗਿੰਗ ਮਸ਼ੀਨਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਵਲੋਂ ਵੱਖ-ਵੱਖ ਪ੍ਰਭਾਵਿਤ ਇਲਾਕਿਆਂ ਵਿਚ ਇਹ ਫੌਗਿੰਗ ਮਸ਼ੀਨਾਂ ਭੇਜੀਆਂ ਜਾ ਚੁੱਕੀਆਂ ਹਨ, ਜਿਸ ਤਹਿਤ ਉਨ੍ਹਾਂ ਵਲੋਂ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਪਰੇਅ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਇਹ ਮੁਹਿੰਮ ਚਲਦੀ ਰਹੇਗੀ। ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਜੋ ਵੀ ਮੁਸ਼ਕਿਲ ਜਾਂ ਜ਼ਰੂਰਤ ਹੈ, ਉਨ੍ਹਾਂ ਨੂੰ ਦੱਸਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਤੱਕ ਹਰ ਸਹੂਲਤ ਪਹੁੰਚਾਈ ਜਾਵੇਗੀ। ਇਸ ਮੌਕੇ ਸ਼੍ਰੋ.ਅ. ਦਲ ਦੇ ਹਲਕਾ ਇੰਚਾਰਜ ਸੰਪੂਰਨ ਸਿੰਘ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਲੋਂ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਦੇ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਦੀ ਮਾਰ ਨਾਲ ਮੱਖੀ-ਮੱਛਰ ਆਦਿ ਪੈਦਾ ਹੋ ਰਿਹਾ ਹੈ, ਜਿਸ ਨਾਲ ਸਰਹੱਦੀ ਇਲਾਕੇ ਅੰਦਰ ਬੀਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ, ਜਿਸ ਤੋਂ ਬਾਅਦ ਸ. ਬਾਦਲ ਨੇ ਤੁਰੰਤ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿਚ ਯੂਥ ਅਕਾਲੀ ਦਲ ਦੀ ਡਿਊਟੀ ਲਗਾ ਕੇ ਫੌਗਿੰਗ ਸਪਰੇਅ ਲਈ ਟੀਮਾਂ ਬਣਾ ਕੇ ਭੇਜੀਆਂ ਹਨ।

ਉਨ੍ਹਾਂ ਸ. ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਰਹੱਦੀ ਇਲਾਕੇ ਦੀ ਬਾਂਹ ਫੜੀ ਹੈ। ਅੱਜ ਵੀ ਸਰਹੱਦੀ ਇਲਾਕਾ ਫ਼ਾਜ਼ਿਲਕਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕੰਮਾਂ ਨੂੰ ਯਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਅੰਦਰ ਬਣੇ ਬਿਜਲੀ ਗਰਿੱਡ, ਸੜਕਾਂ ਅਤੇ ਪੁਲ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੀ ਦੇਣ ਹਨ ਜਿਨ੍ਹਾਂ ਨੂੰ ਕਦੇ ਵੀ ਸਰਹੱਦੀ ਲੋਕ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਸ. ਸੁਖਬੀਰ ਸਿੰਘ ਬਾਦਲ ਨੇ ਫ਼ਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਪੀੜਤਾਂ ਦਾ ਦੁੱਖ ਸੁਣਨਗੇ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਯਕੀਨ ਦਿਵਾਇਆ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਜ਼ਮੀਨਾਂ ਬਣਾਉਣ ਲਈ ਡੀਜ਼ਲ ਦੀ ਲੋੜ ਹੈ, ਉਨਾਂ ਨੂੰ ਡੀਜ਼ਲ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਟਰੈਕਟਰਾਂ ਦੀ ਲੋੜ ਹੈ, ਉਨ੍ਹਾਂ ਨੂੰ ਟਰੈਕਟਰ ਮੁਹੱਈਆ ਕਰਵਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨਾਲ ਤੇਜਵੰਤ ਸਿੰਘ ਟੀਟਾ ਸ਼ਹਿਰੀ ਪ੍ਰਧਾਨ ਫਾਜ਼ਿਲਕਾ, ਬਲਬੀਰ ਸਿੰਘ ਝੰਗੜ ਭੈਣੀ, ਧਰਮਿੰਦਰ ਸਿੰਘ ਝੰਗੜ ਭੈਣੀ, ਗੁਰਚਰਨ ਸਿੰਘ ਬੱਬੀ ਖੋਸਾ, ਕਮਲ ਸੰਧੂ ਅਤੇ ਯੂਥ ਅਕਾਲੀ ਦਲ ਤੋਂ ਦਿਲਬਾਗ ਸਿੰਘ ਪੰਜਾਵਾ, ਸੁਖਵਿੰਦਰ ਸਿੰਘ ਸੁੱਖੀ ਫੱਤਾ ਖੇੜਾ ਅਤੇ ਟੀਮ ਮੈਂਬਰ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ