JALANDHAR WEATHER

ਕੰਵਲਨੈਨ ਸਿੰਘ ਵਲੋਂ ਰੇਲਵੇ ਮੰਤਰੀ ਬਿੱਟੂ ਤੋਂ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਵਾਇਆ-ਸੁਲਤਾਨਪੁਰ ਲੋਧੀ ਚਲਾਉਣ ਦੀ ਮੰਗ

ਸੁਲਤਾਨਪੁਰ ਲੋਧੀ, 1 ਅਕਤੂਬਰ (ਥਿੰਦ)-ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਸੁਲਤਾਨਪੁਰ ਲੋਧੀ ਦੇ ਦੌਰੇ ਸਮੇਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸਾਬਕਾ ਕੈਬਨਿਟ ਮੰਤਰੀ ਸਵ. ਗੁਲਜ਼ਾਰ ਸਿੰਘ ਡਡਵਿੰਡੀ ਦੇ ਸਪੁੱਤਰ ਅਤੇ ਉੱਘੇ ਸਮਾਜ ਸੇਵਕ ਕੰਵਲਨੈਨ ਸਿੰਘ ਕੈਨੀ ਨੇ ਫਿਰੋਜ਼ਪੁਰ ਛਾਉਣੀ ਤੋਂ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਵਾਇਆ-ਸੁਲਤਾਨਪੁਰ ਲੋਧੀ ਚਲਾਉਣ ਦੀ ਮੰਗ ਰੱਖੀ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਫ਼ਤਰ ਵਿਖੇ ਕੰਵਲਨੈਨ ਸਿੰਘ ਕੇਨੀ ਨੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਗੇ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦੀ ਮੰਗ ਰੱਖਦਿਆਂ ਕਿਹਾ ਕਿ ਇਹ ਰੇਲ ਗੱਡੀ ਰੋਜ਼ਾਨਾ ਸਵੇਰੇ ਫਿਰੋਜ਼ਪੁਰ ਛਾਉਣੀ ਤੋਂ 7.55 ਵਜੇ ਰਵਾਨਾ ਹੁੰਦੀ ਹੈ ਜੋ ਵਾਇਆ ਫਰੀਦਕੋਟ, ਬਠਿੰਡਾ, ਪਾਣੀਪਤ ਹੁੰਦੀ ਹੋਈ ਦਿੱਲੀ ਪਹੁੰਚਦੀ ਹੈ।

ਇਸੇ ਤਰ੍ਹਾਂ ਇਹ ਰੇਲ ਗੱਡੀ ਉਸੇ ਦਿਨ 4 ਵਜੇ ਦਿੱਲੀ ਤੋਂ ਫਿਰੋਜ਼ਪੁਰ ਨੂੰ ਰਵਾਨਾ ਹੁੰਦੀ ਹੈ। ਜੇਕਰ ਇਸ ਰੇਲ ਗੱਡੀ ਨੂੰ ਫਿਰੋਜ਼ਪੁਰ ਤੋਂ ਵਾਇਆ ਸੁਲਤਾਨਪੁਰ ਲੋਧੀ, ਲੋਹੀਆਂ, ਜਲੰਧਰ ਚਲਾਇਆ ਜਾਵੇ ਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਗੁਰੂ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਮੇਤ ਹੋਰ ਪਵਿੱਤਰ ਧਾਰਮਿਕ ਅਸਥਾਨ ਇਥੇ ਸਥਿਤ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਤੋਂ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ ਪਰ ਇਸ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਪ੍ਰਾਪਤ ਕੋਈ ਵੀ ਰੇਲ ਗੱਡੀ ਇਸ ਵਾਏ ਉਤੇ ਨਾ ਚੱਲਣ ਕਾਰਨ ਸੰਗਤਾਂ ਵਿਚ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਵਾਇਆ ਸੁਲਤਾਨਪੁਰ ਲੋਧੀ ਚੱਲ ਪੈਂਦੀ ਹੈ ਤਾਂ ਸੁਲਤਾਨਪੁਰ ਲੋਧੀ ਵਪਾਰਿਕ ਤੌਰ ਉਤੇ ਵੀ ਉਭਰੇਗਾ।

ਇਸ ਮੌਕੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਮਾਜ ਸੇਵੀ ਕੰਵਨਨੈਨ ਸਿੰਘ ਅਤੇ ਹਲਕੇ ਦੀ ਸਮੁੱਚੀ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਸ ਸੰਬੰਧੀ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਨ ਕਰਦਾ ਹੈ ਕਿ ਉਹ ਸੁਲਤਾਨਪੁਰ ਦੀ ਪਵਿੱਤਰ ਧਰਤੀ ਲਈ ਆਪਣੇ ਕਾਰਜਕਾਲ ਦੌਰਾਨ ਕੁਝ ਨਾ ਕੁਝ ਕਰਕੇ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਦਾ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨਾਲ ਬਹੁਤ ਨੇੜਲਾ ਸੰਬੰਧ ਸੀ। ਇਸ ਦੌਰਾਨ ਐਡੀਸ਼ਨਲ ਮੈਨੇਜਰ ਚੰਚਲ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਰਕੇਸ਼ ਕੁਮਾਰ ਨੀਟੂ, ਸੋਨੂੰ ਡਡਵਿੰਡੀ, ਡੀ.ਐਸ.ਪੀ. ਹਰ ਗੁਰਦੇਵ ਸਿੰਘ, ਇੰਸਪੈਕਟਰ ਗੁਰਮੀਤ ਸਿੰਘ, ਜਗਮੋਹਣ ਸਿੰਘ, ਚਤਰ ਸਿੰਘ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ