ਦਰਿਆ ਰਾਵੀ ਤੋਂ ਪਾਰਲੇ ਹੜ੍ਹ ਮਾਰੇ ਬੇ-ਚਿਰਾਗ ਪਿੰਡਾਂ ਦੇ ਲੋਕਾਂ ਨੇ ਸਹਾਇਤਾ ਲਈ ਉਠਾਈ ਆਵਾਜ਼

ਫਤਿਹਗੜ੍ਹ ਚੂੜੀਆਂ, 1 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਦਰਿਆ ਰਾਵੀ ਤੋਂ ਪਾਰਲੇ ਪਿੰਡਾਂ ਕੱਸੋ ਵਾਹਲਾ, ਅਗਨੀ ਕੱਸੋਵਾਹਲਾ, ਸਹਾਰਨ, ਘਣੀਏ ਕੇ ਬੇਟ, ਪੁਰਾਣਾ ਵਾਹਲਾ, ਲੱਲੂਵਾਲ, ਮਨਸੂਰ, ਰਸੂਲਪੁਰ ਪਿੰਡਾਂ ਦੀਆਂ ਜ਼ਮੀਨਾਂ ਦੇ ਮਾਲਕਾਂ ਨੇ ਬੀਤੇ ਦਿਨੀਂ ਦਰਿਆ ਰਾਵੀ ਦੇ ਹੜ੍ਹ ਕਾਰਨ ਜ਼ਮੀਨਾਂ ਦੇ ਹੋਏ ਵੱਡੇ ਨੁਕਸਾਨ ਸੰਬੰਧੀ ਸਹਾਇਤਾ ਦੀ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਲੋਕਾਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਰੋੜਾਂ ਦੀ ਰਾਸ਼ੀ ਸੇਵਾ ਵਜੋਂ ਹੜ੍ਹ ਪੀੜਤ ਖੇਤਰ ਅੰਦਰ ਵੰਡੀ ਹੈ, ਜਿਸ ਲਈ ਉਨ੍ਹਾਂ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਇਸ ਔਖੀ ਘੜੀ ਵਿਚ ਵੱਡਾ ਸਹਾਰਾ ਦਿੱਤਾ ਹੈ।
ਦੂਜੇ ਪਾਸੇ ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਸਮਾਜ ਸੇਵੀ ਲੋਕਾਂ ਨੂੰ ਰਸਤਿਆਂ ਵਿਚ ਲੁੱਟ-ਖਸੁੱਟ ਕਰਨ ਵਾਲੇ ਲੋਕਾਂ ਨੇ ਅਸਲ ਹੜ੍ਹ ਪੀੜਤਾਂ ਤੱਕ ਪਹੁੰਚਣ ਨਹੀਂ ਦਿੱਤਾ। ਉਨ੍ਹਾਂ ਨੇ ਗੁਹਾਰ ਲਾਈ ਹੈ ਕਿ ਸਮਾਜ ਸੇਵੀ ਲੋਕ ਸਾਡੇ ਕੋਲ ਆ ਕੇ ਸਾਡੇ ਦਰਿਆ ਰਾਵੀ ਤੋਂ ਪਾਰ ਹੋਏ ਉਜਾੜੇ ਦੀ ਛਾਣਬੀਣ ਕਰਨ। ਉਨ੍ਹਾਂ ਕਿਹਾ ਕਿ ਸਾਡੀਆਂ ਜ਼ਮੀਨਾਂ ਵਿਚੋਂ ਫਸਲਾਂ ਅਤੇ ਸਾਡੀਆਂ ਜ਼ਮੀਨਾਂ ਪੂਰੀ ਤਰ੍ਹਾਂ ਰੁੜ੍ਹ ਚੁੱਕੀਆਂ ਹਨ, ਜਿਸ ਕਰਕੇ ਅਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਨਾ ਹੀ ਸਾਡੇ ਤੱਕ ਹਾਲੇ ਕੋਈ ਵੀ ਸਰਕਾਰੀ ਅਧਿਕਾਰੀ ਸਹਾਇਤਾ ਜਾਂ ਹੋਏ ਉਜਾੜੇ ਸੰਬੰਧੀ ਨਿਰੀਖਣ ਕਰਨ ਲਈ ਪਹੁੰਚਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਪਿੰਡ ਹੜ੍ਹ ਦੇ ਪਾਣੀ ਆਉਣ ਕਾਰਨ ਸੋਸ਼ਲ ਮੀਡੀਆ ਉੱਪਰ ਪੈਂਦੀਆਂ ਪੋਸਟਾਂ ਕਾਰਨ ਮਸ਼ਹੂਰ ਹੋ ਗਏ ਸਨ ਜਦਕਿ ਉਨ੍ਹਾਂ ਪਿੰਡਾਂ ਨਾਲੋਂ ਕਿਤੇ ਜ਼ਿਆਦਾ ਦਰਿਆਓਂ ਪਾਰਲੇ ਪਿੰਡਾਂ ਦਾ ਨੁਕਸਾਨ ਹੋਇਆ ਹੈ ਜਿਥੇ ਸਮਾਜ ਸੇਵੀ ਲੋਕ ਰਾਹਤ ਸਮੱਗਰੀ ਲੈ ਕੇ ਪਹੁੰਚ ਨਹੀਂ ਸਕੇ।