ਜੋਧ ਸਿੰਘ ਸਮਰਾ ਦੀ ਅਗਵਾਈ 'ਚ ਯੂਥ ਅਕਾਲੀ ਦਲ ਦੇ ਕਾਰਕੁਨਾਂ ਵਲੋਂ ਫੌਗਿੰਗ

ਅਜਨਾਲਾ, 1 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਬੀਮਾਰੀਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਿਤ ਯੂਥ ਅਕਾਲੀ ਦਲ ਬਾਦਲ ਵਲੋਂ ਪ੍ਰਧਾਨ ਸਰਬਜੀਤ ਸਿੰਘ ਝਿੰਜੜ ਦੇ ਨਿਰਦੇਸ਼ਾਂ ਉਤੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸ. ਜੋਧ ਸਿੰਘ ਸਮਰਾ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਦੇ ਕਾਰਕੁਨਾਂ ਵਲੋਂ ਅਜਨਾਲਾ ਸ਼ਹਿਰ ਸਮੇਤ ਨੇੜਲੇ ਪਿੰਡਾਂ ਵਿਚ ਫੌਗਿੰਗ ਕਰਵਾਈ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਦੀ ਇਕ ਅਜਿਹੀ ਖੇਤਰੀ ਪਾਰਟੀ ਹੈ, ਜਿਸ ਵਲੋਂ ਹਰ ਦੁੱਖ ਸੁੱਖ ਵੇਲੇ ਆਪਣੇ ਲੋਕਾਂ ਦੀ ਬਾਂਹ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਹੀ ਅਜਨਾਲਾ ਅਤੇ ਰਮਦਾਸ ਦੇ ਪਿੰਡਾਂ ਵਿਚ ਹੜ੍ਹ ਆਏ ਹਨ, ਉਸ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਜਿਥੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਸੀ, ਉਥੇ ਹੀ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਮੂਹ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਲਈ ਚਾਰਾ ਵੰਡਣ ਤੋਂ ਬਾਅਦ ਲੋਕਾਂ ਨੂੰ ਹੜ੍ਹਾਂ ਤੋਂ ਬਾਅਦ ਬੀਮਾਰੀਆਂ ਦੇ ਬਚਾਅ ਲਈ ਫੌਗਿੰਗ ਕਰਵਾਈ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਏ ਗਏ ਫ਼ੈਸਲੇ ਦੌਰਾਨ ਜਿਨ੍ਹਾਂ ਕਿਸਾਨਾਂ ਦੀਆਂ ਹੜ੍ਹਾਂ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਉਨ੍ਹਾਂ ਨੂੰ ਕਣਕ ਦੀ ਫ਼ਸਲ ਬੀਜਣ ਲਈ ਸੋਧੇ ਹੋਏ ਬੀਜ ਅਤੇ ਟਰੈਕਟਰਾਂ ਲਈ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਤੇ ਪੀ.ਏ.ਸੀ. ਕਮੇਟੀ ਮੈਂਬਰ ਭਾਈ ਜ਼ੋਰਾਵਰ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।