ਪਿੰਡ ਵਣੀਏਕੇ 'ਚ ਰੰਜਿਸ਼ਨ ਚੱਲੀਆਂ ਗੋਲੀਆਂ, 2 ਵਿਅਕਤੀ ਜ਼ਖਮੀ

ਚੋਗਾਵਾਂ/ਅੰਮ੍ਰਿਤਸਰ, 1 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵਣੀਏਕੇ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਤਕਰਾਰ 'ਚ ਗੋਲੀਆਂ ਚੱਲਣ ਨਾਲ 2 ਵਿਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਸਿਕੰਦਰ ਸਿੰਘ ਨੇ ਦੱਸਿਆ ਕਿ ਸਹਿਲਪ੍ਰੀਤ ਸਿੰਘ ਅਤੇ ਵਿਸ਼ਾਲ ਸਿੰਘ ਪੁੱਤਰਾਨ ਮੁਖਤਾਰ ਸਿੰਘ ਜੋ ਕਿ ਨਸ਼ੇ ਦਾ ਧੰਦਾ ਕਰਦੇ ਹਨ ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਬਾਹਰਲੇ ਪਿੰਡਾ ਤੋਂ ਬੰਦੇ ਲਿਆ ਕੇ ਮੇਰੇ ਘਰ ਉੱਪਰ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ 15 ਦੇ ਕਰੀਬ ਫਾਇਰ ਕੀਤੇ ਜਿਨ੍ਹਾਂ ਵਿਚ ਇਕ ਗੋਲੀ ਗੇਟ ਨੂੰ ਪਾਰ ਕਰਦੀ ਹੋਈ ਮੇਰੇ ਚਾਚੇ ਜਗੀਰ ਸਿੰਘ ਦੀ ਬਾਂਹ ਵਿਚ ਲੱਗੀ ਜੋ ਕਿ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜ਼ੇਰੇ ਇਲਾਜ ਹਨ। ਉਨ੍ਹਾਂ ਗੁਰਦੁਆਰੇ ਦੇ ਬਾਹਰ ਲੱਗੇ ਕੈਮਰੇ ਵੀ ਤੋੜ ਦਿੱਤੇ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸੰਬੰਧੀ ਜਦੋਂ ਵਿਰੋਧੀ ਧਿਰ ਦੇ ਮੁਖਤਾਰ ਸਿੰਘ ਨੇ ਉਕਤ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਕੋਈ ਨਸ਼ੇ ਦਾ ਧੰਦਾ ਨਹੀਂ ਕਰਦੇ ਅਤੇ ਨਾ ਹੀ ਅਸੀਂ ਕੋਈ ਗੋਲੀ ਚਲਾਈ ਹੈ। ਸਿਕੰਦਰ ਸਿੰਘ ਨੇ ਹਮਲਾ ਕਰਕੇ ਮੇਰੇ ਬੇਟੇ ਨੂੰ ਜ਼ਖਮੀ ਕੀਤਾ ਜੋ ਕਿ ਹਸਪਤਾਲ ਸਿੰਘ ਜ਼ੇਰੇ ਇਲਾਜ ਹੈ। ਇਸ ਬਾਰੇ ਥਾਣਾ ਲੋਪੋਕੇ ਦੇ ਐਸ.ਐਚ.ਓ. ਸੁਮਿਤ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ, ਜਿਸ ਵਿਚ ਇਕ ਧਿਰ ਵਲੋਂ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਪੂਰੀ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।