ਚੌਟਾਲਾ ’ਚ ਔਰਤ ਦੀ ਰਤਨਪੁਰਾ ਬਾਈਪਾਸ ਤੋਂ ਮਿਲੀ ਲਾਸ਼, ਹੱਤਿਆ ਦਾ ਖਦਸ਼ਾ

ਡੱਬਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਚੌਟਾਲਾ ਵਿਖੇ ਅੱਜ ਸਵੇਰੇ ਰਤਨਪੁਰਾ ਬਾਈਪਾਸ ’ਤੇ ਸੜਕ ਉੱਪਰ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਉਮਰ ਲਗਭਗ 30-32 ਸਾਲ ਦੱਸੀ ਜਾਂਦੀ ਹੈ। ਉਸ ਦੀ ਪਛਾਣ ਰਾਜਸਥਾਨ ਦੇ ਸਰਹੱਦੀ ਕਸਬੇ ਸੰਗਰਿਆ ਦੇ ਵਾਰਡ ਨੰਬਰ 4 ਦੀ ਵਸਨੀਕ ਰੇਖਾ ਪੁੱਤਰੀ ਕਾਲੂਰਾਮ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਦੋਵੇਂ ਪੈਰਾਂ ਅਤੇ ਸੱਜੀ ਬਾਂਹ ’ਤੇ ਗੰਭੀਰ ਸੱਟ ਦੇ ਨਿਸ਼ਾਨ ਹਨ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਔਰਤ ਨਾਲ ਪਹਿਲਾਂ ਬੇ-ਰਹਿਮੀ ਨਾਲ ਮਾਰਕੁੱਟ ਕੀਤੀ ਗਈ ਅਤੇ ਫਿਰ ਉਸ ਦੀ ਹੱਤਿਆ ਕਰਕੇ ਉਸ ਦੀ ਲਾਸ਼ ਸੜਕ ’ਤੇ ਸੁੱਟ ਦਿੱਤੀ ਗਈ। ਸੂਚਨਾ ਮਿਲਣ ’ਤੇ ਸਦਰ ਪੁਲਿਸ ਦੇ ਮੁਖੀ ਸ਼ਲਿੰਦਰ ਕੁਮਾਰ ਅਤੇ ਚੌਟਾਲਾ ਚੌਕੀ ਦੇ ਮੁਖੀ ਆਨੰਦ ਕੁਮਾਰ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਡੱਬਵਾਲੀ ਭੇਜ ਦਿੱਤਾ।
ਸਦਰ ਥਾਣਾ ਦੇ ਮੁਖੀ ਸ਼ਲਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਰੇਖਾ ਨਸ਼ਿਆਂ ਦੀ ਆਦੀ ਸੀ ਅਤੇ ਉਸ ਦੇ ਖਿਲਾਫ਼ ਚਿੱਟਾ ਤਸਕਰੀ ਦਾ ਮੁਕੱਦਮਾ ਵੀ ਦਰਜ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕਾ ਦੇ ਹੁਣ ਤੱਕ ਤਿੰਨ ਵਿਆਹ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮਾਮਲਾ ਹੱਤਿਆ ਨਾਲ ਜੁੜਿਆ ਜਾਪਦਾ ਹੈ। ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।