ਐਚ.ਏ.ਐਲ. ਨੂੰ ਅਮਰੀਕਾ ਤੋਂ ਮਿਲਿਆ ਚੌਥਾ ਤੇਜਸ ਇੰਜਣ

ਨਵੀਂ ਦਿੱਲੀ, 1 ਅਕਤੂਬਰ- ਅਮਰੀਕੀ ਕੰਪਨੀ ਜੀ.ਈ. ਏਰੋਸਪੇਸ ਨੇ ਜੀ.ਈ.-ਐਫ਼.404-ਆਈ.ਐਨ. 20 ਇੰਜਣ ਦੀ ਚੌਥੀ ਇਕਾਈ ਐਚ.ਏ.ਐਲ. ਨੂੰ ਸੌਂਪ ਦਿੱਤੀ ਹੈ, ਜਿਸਦਾ ਆਰਡਰ 2021 ਵਿਚ ਦਿੱਤਾ ਗਿਆ ਸੀ। ਇਹ ਇੰਜਣ ਤੇਜਸ ਐਲ.ਸੀ.ਏ. ਮਾਰਕ-1ਏ ਲੜਾਕੂ ਜਹਾਜ਼ ਵਿਚ ਲਗਾਇਆ ਜਾਵੇਗਾ, ਜਿਸ ਨੂੰ ਜਲਦੀ ਹੀ ਭਾਰਤੀ ਹਵਾਈ ਸੈਨਾ ਵਿਚ ਸ਼ਾਮਿਲ ਕੀਤਾ ਜਾਵੇਗਾ।
ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਜੋ ਕਿ ਭਾਰਤੀ ਹਵਾਈ ਸੈਨਾ ਲਈ ਤੇਜਸ ਜਹਾਜ਼ਾਂ ਦਾ ਨਿਰਮਾਣ ਕਰ ਰਹੀ ਹੈ, ਨੂੰ ਆਪਣਾ ਚੌਥਾ ਇੰਜਣ ਪ੍ਰਾਪਤ ਹੋ ਗਿਆ ਹੈ। ਇਹ ਇੰਜਣ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ ਦੁਆਰਾ ਦਿੱਤਾ ਗਿਆ। ਭਾਰਤੀ ਹਵਾਈ ਸੈਨਾ ਨੂੰ ਨਵੰਬਰ ਤੱਕ ਦੋ ਤੇਜਸ ਮਾਰਕ-1ਏ ਲੜਾਕੂ ਜਹਾਜ਼ ਪ੍ਰਾਪਤ ਹੋਣਗੇ।
ਫਰਵਰੀ 2021 ਵਿਚ ਸਰਕਾਰ ਨੇ 83 ਤੇਜਸ ਮਾਰਕ-1ਏ ਜਹਾਜ਼ ਖਰੀਦਣ ਲਈ ਐਚ.ਏ.ਐਲ. ਨਾਲ 48,000 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਹਸਤਾਖ਼ਰ ਕੀਤੇ ਸਨ, ਪਰ ਅਮਰੀਕੀ ਇੰਜਣਾਂ ਦੀ ਡਿਲੀਵਰੀ ਵਿਚ ਦੇਰੀ ਕਾਰਨ, ਐਚ.ਏ.ਐਲ. ਨੇ ਅਜੇ ਤੱਕ ਇਕ ਵੀ ਜਹਾਜ਼ ਡਿਲੀਵਰ ਨਹੀਂ ਕੀਤਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਐਚ.ਏ.ਐਲ. 2028 ਤੱਕ ਸਾਰੇ ਜਹਾਜ਼ ਹਵਾਈ ਸੈਨਾ ਨੂੰ ਦੇ ਦੇਵੇਗਾ।
ਐਚ.ਏ.ਐਲ. ਮਾਰਕ 1ਏ ਤੇਜਸ ਜਹਾਜ਼ ਦਾ ਇਕ ਉੱਨਤ ਸੰਸਕਰਣ ਹੈ। ਇਸ ਵਿਚ ਅਪਗ੍ਰੇਡ ਕੀਤੇ ਐਵੀਓਨਿਕਸ ਅਤੇ ਰਾਡਾਰ ਸਿਸਟਮ ਹਨ। ਐਚ.ਏ.ਐਲ. ਮਾਰਕ-1ਏ ਦੇ 65% ਤੋਂ ਵੱਧ ਹਿੱਸੇ ਭਾਰਤ ਵਿਚ ਬਣਾਏ ਜਾਂਦੇ ਹਨ। ਤੇਜਸ, ਜੋ ਕਿ ਐਚ.ਏ.ਐਲ. ਦੁਆਰਾ ਵੀ ਵਿਕਸਤ ਕੀਤਾ ਗਿਆ ਹੈ, ਇਕ ਸਿੰਗਲ-ਇੰਜਣ ਹਲਕਾ ਲੜਾਕੂ ਜਹਾਜ਼ ਹੈ।