ਪਿੰਡ ਮਾੜੀ ਮੁਸਤਫਾ ਵਿਖੇ ਸੁਨਿਆਰੇ ਦੀ ਦੁਕਾਨ 'ਤੇ ਚਲਾਈਆਂ ਗੋਲੀਆਂ

ਠੱਠੀ ਭਾਈ, ਮੋਗਾ, 4 ਅਕਤੂਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਿਖੇ ਹਫ਼ਤੇ ਅੰਦਰ ਗੋਲੀ ਚੱਲਣ ਦੀ ਦੂਜੀ ਘਟਨਾ ਵਾਪਰਣ ਨਾਲ ਪੂਰਾ ਪਿੰਡ ਦਹਿਸ਼ਤ ਦੇ ਮਾਹੌਲ ਹੇਠ ਆ ਗਿਆ ਹੈ। ਜਾਣਕਾਰੀ ਮੁਤਾਬਕ ਵਰਿੰਦਰ ਸਿੰਘ ਵਿੱਕੀ ਸੁਨਿਆਰਾ ਪੁੱਤਰ ਭੋਲਾ ਸਿੰਘ, ਜੋ ਸੋਨੇ ਦਾ ਕੰਮ ਕਰਦਾ ਹੈ, ਨੂੰ ਦੁਪਹਿਰ ਲਗਭਗ 3:18 ਵਜੇ ਇਕ ਫੋਨ ਕਾਲ ਆਈ, ਜਿਸ ਵਿਚ ਉਨ੍ਹਾਂ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਤੋਂ ਕੁਝ ਸਮੇਂ ਬਾਅਦ ਲਗਭਗ 3:30 ਵਜੇ ਦੋ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਉਸ ਦੀ ਦੁਕਾਨ ‘ਤੇ ਪਹੁੰਚ ਕੇ ਜਾਨਲੇਵਾ ਹਮਲਾ ਕਰਦਿਆਂ ਲਗਾਤਾਰ ਪੰਜ ਗੋਲੀਆਂ ਚਲਾਈਆਂ। ਇਨ੍ਹਾਂ ਵਿਚੋਂ ਦੋ ਗੋਲੀਆਂ ਦੁਕਾਨ ਦੇ ਗੇਟ ‘ਤੇ ਲੱਗੀਆਂ ਜਦਕਿ ਤਿੰਨ ਗੋਲੀਆਂ ਅੰਦਰ ਬੈਠੇ ਵਿੱਕੀ ਵੱਲ ਚਲਾਈਆਂ ਗਈਆਂ। ਖੁਸ਼ਕਿਸਮਤੀ ਨਾਲ ਉਹ ਇਸ ਹਮਲੇ ‘ਚ ਵਾਲ-ਵਾਲ ਬਚ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਬਾਘਾ ਪੁਰਾਣਾ ਅਤੇ ਐਸ.ਐਚ.ਓ. ਬਾਘਾ ਪੁਰਾਣਾ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੀ 26 ਸਤੰਬਰ ਨੂੰ ਇਸੇ ਪਿੰਡ ਮਾੜੀ ਮੁਸਤਫਾ ਦੇ ਹੀ ਸੀਪਾ ਕਰਿਆਨਾ ਸਟੋਰ ਦੇ ਮਾਲਕ ਉੱਤੇ ਵੀ ਗੋਲੀਆਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਸ ਦਾ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ ਸੀ।