JALANDHAR WEATHER

ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵਧਣ ਨਾਲ ਬਾਘੂਵਾਲ ਤੇ ਕੰਮੇਵਾਲ ਦੀ 3 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਡੁੱਬੀ

ਕਪੂਰਥਲਾ, 7 ਅਕਤੂਬਰ (ਅਮਰਜੀਤ ਕੋਮਲ)-ਦਰਿਆ ਬਿਆਸ ਵਿਚ ਹੜ੍ਹ ਤੋਂ ਬਾਅਦ ਦੂਜੀ ਵਾਰ ਪਾਣੀ ਦਾ ਪੱਧਰ ਵਧਣ ਕਾਰਨ ਮੰਡ ਖੇਤਰ ਦੇ ਪਿੰਡ ਬਾਘੂਵਾਲ ਤੇ ਕੰਮੇਵਾਲ ਦੀ 3 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਮੁੜ ਪਾਣੀ ਵਿਚ ਡੁੱਬ ਗਈ ਹੈ, ਜਿਹੜੇ ਕਿਸਾਨਾਂ ਨੇ ਕੁਝ ਉੱਚੀਆਂ ਥਾਵਾਂ 'ਤੇ ਪਿਛਲੇ ਦਿਨਾਂ ਵਿਚ ਗੋਭੀ ਤੇ ਗਾਜਰ ਦੀ ਬੀਜਾਈ ਕੀਤੀ ਸੀ, ਉਨ੍ਹਾਂ ਖੇਤਾਂ ਵਿਚ ਵੀ ਪਾਣੀ ਭਰਨ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹਨ। ਵਰਨਣਯੋਗ ਹੈ ਕਿ ਬੀਤੇ ਦਿਨ ਦਰਿਆ ਬਿਆਸ ਵਿਚ ਲਗਾਤਾਰ 85 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਮੰਡ ਦੇ ਇਨ੍ਹਾਂ ਦੋਵਾਂ ਪਿੰਡਾਂ ਦੀ ਜ਼ਮੀਨ ਨੀਵੇਂ ਥਾਂ ਹੋਣ ਕਾਰਨ ਮੁੜ ਪਾਣੀ ਦੀ ਮਾਰ ਹੇਠ ਆ ਗਈ ਹੈ।

ਕਿਸਾਨਾਂ ਨੇ ਦੱਸਿਆ ਕਿ ਹੜ੍ਹ ਤੋਂ ਬਾਅਦ ਪਿਛਲੇ ਮਹੀਨੇ ਦਰਿਆ ਬਿਆਸ ਵਿਚ ਪਾਣੀ ਵਧਣ ਕਾਰਨ ਉਨ੍ਹਾਂ ਦੀ ਜ਼ਮੀਨ ਮੁੜ ਪਾਣੀ ਵਿਚ ਡੁੱਬ ਗਈ ਸੀ ਤੇ ਕਈ ਦਿਨ ਨੀਵੇਂ ਖੇਤਾਂ ਵਿਚ ਪਾਣੀ ਖੜ੍ਹਾ ਰਿਹਾ ਤੇ ਹੁਣ ਬੀਤੇ ਦਿਨ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਕਿਸਾਨਾਂ ਵਲੋਂ ਕਣਕ ਤੇ ਹੋਰ ਫ਼ਸਲਾਂ ਦੀ ਬੀਜਾਈ ਲਈ ਤਿਆਰ ਕੀਤੀ ਗਈ ਜ਼ਮੀਨ ਮੁੜ ਪਾਣੀ ਦੀ ਮਾਰ ਹੇਠ ਆ ਗਈ ਹੈ। ਪਿੰਡ ਬਾਘੂਵਾਲ ਦੇ ਕਿਸਾਨ ਪਰਮਿੰਦਰ ਸਿੰਘ, ਬਗੀਚਾ ਸਿੰਘ ਤੇ ਮੰਗਲ ਸਿੰਘ ਨੇ ਦੱਸਿਆ ਕਿ 25 ਤੋਂ ਲੈ ਕੇ 30 ਏਕੜ ਜ਼ਮੀਨ ਜੋ ਉੱਚੀ ਥਾਂ 'ਤੇ ਹੈ, ਉਸ ਨੂੰ ਪਾਣੀ ਨਹੀਂ ਲੱਗਾ, ਜਦਕਿ ਬਾਕੀ ਜ਼ਮੀਨ ਵਿਚ 2 ਤੋਂ 3 ਤੇ ਬਹੁਤ ਨੀਵੀਂਆਂ ਥਾਵਾਂ ਵਿਚ 4 ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ ਤੇ ਇਸ ਹਾਲਤ ਵਿਚ ਇਨ੍ਹਾਂ ਖੇਤਾਂ ਵਿਚ ਕਣਕ ਤੇ ਹੋਰ ਫ਼ਸਲਾਂ ਦੀ ਬੀਜਾਈ ਹੋਣ ਦੇ ਆਧਾਰ ਘੱਟ ਰਹੇ ਹਨ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵਲੋਂ ਉਨ੍ਹਾਂ ਨੂੰ ਹੜ੍ਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੁਣ ਤੀਜੀ ਵਾਰ ਦਰਿਆ ਬਿਆਸ ਵਿਚ ਪਾਣੀ ਆਉਣ ਨਾਲ ਉਨ੍ਹਾਂ ਦੀਆਂ ਬੀਜੀਆਂ ਸਬਜ਼ੀਆਂ ਵੀ ਪਾਣੀ ਵਿਚ ਡੁੱਬਣ ਨਾਲ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਫ਼ਸਲਾਂ ਬਰਬਾਦ ਹੋਣ ਕਾਰਨ ਪਹਿਲਾਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਪਿੰਡ ਬਾਘੂਵਾਲ ਤੇ ਪਿੰਡ ਕੰਮੇਵਾਲ ਜੋ ਕਿ ਦਰਿਆ ਬਿਆਸ ਦੇ ਧੁੱਸੀ ਬੰਨ੍ਹ ਦੇ ਅੰਦਰਲੇ ਹਿੱਸੇ ਵਿਚ ਵਸੇ ਹੋਏ ਹਨ, ਦੇ ਆਲੇ-ਦੁਆਲੇ ਪਾਣੀ ਖੜ੍ਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ