ਦਰਿਆ ਬਿਆਸ 'ਚ ਪਾਣੀ ਦਾ ਪੱਧਰ ਦੁਬਾਰਾ ਵਧਿਆ, ਕਿਸਾਨਾਂ ਦੇ ਸਾਹ ਸੂਤੇ

ਸੁਲਤਾਨਪੁਰ ਲੋਧੀ, 7 ਅਕਤੂਬਰ (ਥਿੰਦ)-ਪਿਛਲੇ 3 ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਅਤੇ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿਚ ਮੁੜ ਤੋਂ ਪਾਣੀ ਦੇ ਵਧੇ ਪੱਧਰ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਤੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਖੇਤਾਂ ਵਿਚ ਪਾਣੀ ਨਿਕਲਣ ਤੋਂ ਬਾਅਦ ਕਿਸਾਨਾਂ ਨੂੰ ਜ਼ਮੀਨ ਵਾਹ ਕੇ ਨਵੀਂ ਫਸਲ ਬੀਜਣ ਦੀ ਉਮੀਦ ਬੱਝੀ ਸੀ ਪਰ ਕੁਦਰਤ ਦੀ ਕਰੋਪੀ ਨੇ ਇਕ ਵਾਰ ਫਿਰ ਤੋਂ ਆਪਣਾ ਖਤਰਨਾਕ ਰੂਪ ਵਿਖਾਉਂਦੇ ਹੋਏ ਸਾਰੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਬੀਤੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਹੇਠਾਂ ਜਾਣ ਦੇ ਚਲਦਿਆਂ ਆਪਣੀ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਜਿਥੇ ਵੱਡੀਆਂ ਮਸ਼ੀਨਾਂ ਦੀ ਮਦਦ ਨਾਲ 5 ਤੋਂ 6 ਫੁੱਟ ਤੱਕ ਚੜੀ ਰੇਤ ਨੂੰ ਹਟਾਉਣ ਲਈ ਕੰਮ ਜੰਗੀ ਪੱਧਰ ਉਤੇ ਸ਼ੁਰੂ ਕੀਤਾ ਗਿਆ ਸੀ, ਉਥੇ ਹੀ ਬੀਤੇ 2 ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਨ੍ਹਾਂ ਦੀ ਮਿਹਨਤ ਅਸਫਲ ਹੋ ਗਈ। ਜਾਣਕਾਰੀ ਅਨੁਸਾਰ ਪਹਾੜੀ ਇਲਾਕਿਆਂ ਵਿਚ ਫਿਰ ਤੋਂ ਹੋਈ ਬਰਸਾਤ ਤੇ ਬਰਫਬਾਰੀ ਕਾਰਨ ਮੌਸਮ ਦੀ ਤਬਦੀਲੀ ਦੇ ਚਲਦਿਆਂ ਜਿਥੇ ਪੌਂਗ ਡੈਮ ਵਲੋਂ ਵੱਡੇ ਪੱਧਰ ਉੱਪਰ ਪਾਣੀ ਨੂੰ ਪੰਜਾਬ ਅਤੇ ਹੋਰ ਇਲਾਕਿਆਂ ਵਿਚ ਬੀਤੇ ਦੋ ਰਾਤਾਂ ਤੋਂ ਛੱਡਿਆ ਜਾ ਰਿਹਾ ਹੈ, ਉਸੇ ਤਹਿਤ ਬਿਆਸ ਦਰਿਆ ਵਿਚ ਪਾਣੀ ਫਿਰ ਤੋਂ ਵੱਡੀਆਂ ਛੱਲਾਂ ਮਾਰਦਾ ਹੋਇਆ ਅੱਗੇ ਵੱਧ ਰਿਹਾ ਹੈ। ਉਸ ਨਾਲ ਕਿਸਾਨ ਮੁੜ ਸਹਿਮੇ ਹਨ। ਮੰਡ ਇਲਾਕੇ ਦੇ ਰਾਮਪੁਰ ਗੋਰਾ ਜਿਥੇ ਪਹਿਲਾਂ ਹੀ ਹੜ੍ਹ ਦੇ ਪਾਣੀ ਨੇ ਭਾਰੀ ਤਬਾਹੀ ਮਚਾਉਂਦੇ ਹੋਏ ਸਾਰੀਆਂ ਫਸਲਾਂ ਤੇ ਘਰਾਂ ਦਾ ਮਲੀਆ ਮੇਟ ਕਰ ਦਿੱਤਾ ਸੀ। ਇਸ ਮੌਕੇ ਕਿਸਾਨ ਆਗੂ ਅਮਰ ਸਿੰਘ ਮੰਡ ਤੇ ਪਰਮਜੀਤ ਸਿੰਘ ਬਾਊਪੁਰ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿਚ ਰਾਜ਼ੀ ਹੈ। ਹਾਲੇ ਵੀ ਕੁਦਰਤ ਦਾ ਕਹਿਰ ਲਗਾਤਾਰ ਇੰਝ ਵਾਪਰ ਰਿਹਾ ਹੈ ਜਿਵੇਂ ਕਈ ਵਰ੍ਹਿਆਂ ਤੋਂ ਕਿਸਾਨਾਂ ਨਾਲ ਉਸ ਦੀ ਦੁਸ਼ਮਣੀ ਹੋਵੇ।