9 ਅਕਤੂਬਰ ਤੋਂ ਬਾਅਦ ਕਿਸਾਨਾਂ ਨੂੰ ਦਿੱਤੇ ਜਾਣਗੇ ਸੋਧੇ ਬੀਜ - ਡਾ. ਬਿਕਰਮਜੀਤ ਸਿੰਘ

ਮਜੀਠਾ, ਅੰਮ੍ਰਿਤਸਰ, 7 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ ਅੰਮ੍ਰਿਤਸਰ ਵਿਖੇ 1 ਅਕਤੂਬਰ 2025 ਨੂੰ ਹੋਣ ਵਾਲਾ ਕਿਸਾਨ ਮੇਲਾ ਪੰਜਾਬ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਰੱਦ ਕਰ ਦਿੱਤਾ ਸੀ। ਡਾ. ਬਿਕਰਮਜੀਤ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਸਮ ਦੀਆਂ ਖਰਾਬ ਹਾਲਤਾਂ ਕਾਰਨ ਇਹ ਫੈਸਲਾ ਲਿਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨ ਵੀਰ ਹੁਣ ਹਾੜ੍ਹੀ ਦੀਆਂ ਫਸਲਾਂ ਦੀਆਂ ਵਿਕਸਿਤ ਕਿਸਮਾਂ ਦੇ ਬੀਜ 9 ਅਕਤੂਬਰ 2025 ਕੱਲ੍ਹ ਤੋਂ ਬਾਅਦ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਸਕਦੇ ਹਨ। ਇਹ ਬੀਜ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਤੇ ਉੱਤਮ ਝਾੜ ਲਈ ਸਹਾਇਕ ਹੋਣਗੇ।
ਡਾ. ਬਿਕਰਮਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਿਰ ਬੀਜ ਪ੍ਰਾਪਤ ਕਰਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ। ਇਸ ਕਿਸਾਨ ਮੇਲੇ ਦੇ ਰੱਦੀਕਰਨ ਨਾਲ ਕਿਸਾਨਾਂ ਨੂੰ ਮੇਲੇ ਵਿਚ ਮਿਲਣ ਵਾਲੀਆਂ ਸਹੂਲਤਾਂ ਅਤੇ ਜਾਣਕਾਰੀਆਂ ਦੀ ਘਾਟ ਮਹਿਸੂਸ ਹੋ ਸਕਦੀ ਹੈ ਪਰ ਬੀਜ ਵੰਡ ਦੀ ਸੁਵਿਧਾ ਜਾਰੀ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਰਹਿਣ ਅਤੇ ਸੰਪਰਕ ਵਿਚ ਰਹਿਣ ਦੀ ਸਲਾਹ ਦਿੱਤੀ।