ਹਵਾਈ ਸੈਨਾ ਦਾ ਅੱਜ ਸਥਾਪਨਾ ਦਿਵਸ : ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ

ਗਾਜਿਆਬਾਦ, 8 ਅਕਤੂਬਰ- ਹਵਾਈ ਸੈਨਾ ਅੱਜ ਆਪਣਾ 93ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ’ਤੇ ਪੋਸਟ ਕਰਕੇ ਹਵਾਈ ਸੈਨਾ ਨੂੰ ਵਧਾਈ ਦਿੱਤੀ ਹੈ। ਮੁਰਮੂ ਨੇ ਲਿਖਿਆ ਕਿ ਸਾਰੇ ਹਵਾਈ ਯੋਧਿਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਵਾਈ ਸੈਨਾ ਦਿਵਸ ’ਤੇ ਹਾਰਦਿਕ ਸ਼ੁਭਕਾਮਨਾਵਾਂ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਰੇ ਬਹਾਦਰ ਹਵਾਈ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਵਾਈ ਸੈਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਭਾਰਤੀ ਹਵਾਈ ਸੈਨਾ ਬਹਾਦਰੀ, ਅਨੁਸ਼ਾਸਨ ਅਤੇ ਸ਼ੁੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਾਡੇ ਅਸਮਾਨ ਦੀ ਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਵਿਚ ਸਭ ਤੋਂ ਚੁਣੌਤੀਪੂਰਨ ਸਥਿਤੀਆਂ ਵੀ ਸ਼ਾਮਿਲ ਹਨ। ਕੁਦਰਤੀ ਆਫ਼ਤਾਂ ਦੌਰਾਨ ਉਨ੍ਹਾਂ ਦੀ ਭੂਮਿਕਾ ਵੀ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਦੀ ਵਚਨਬੱਧਤਾ, ਪੇਸ਼ੇਵਰਤਾ ਅਤੇ ਅਜਿੱਤ ਭਾਵਨਾ ਹਰ ਭਾਰਤੀ ਨੂੰ ਮਾਣ ਦਿਵਾਉਂਦੀ ਹੈ।
ਦੂਜੇ ਪਾਸੇ ਰੱਖਿਆ ਸਟਾਫ਼ ਦੇ ਮੁਖੀ (ਸੀਡੀਐਸ) ਜਨਰਲ ਅਨਿਲ ਚੌਹਾਨ, ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ, ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਰਾਸ਼ਟਰੀ ਯੁੱਧ ਸਮਾਰਕ ’ਤੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਉਹ ਗਾਜ਼ੀਆਬਾਦ ਦੇ ਹਿੰਡਨ ਏਅਰ ਬੇਸ ਲਈ ਰਵਾਨਾ ਹੋਏ, ਜਿਥੇ ਇਕ ਹਵਾਈ ਸੈਨਾ ਪਰੇਡ ਆਯੋਜਿਤ ਕੀਤੀ ਗਈ ਹੈ। ਇਸ ਤੋਂ ਬਾਅਦ ਹਵਾਈ ਸੈਨਾ ਮੁਖੀ ਦੁਆਰਾ ਸੰਬੋਧਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹਵਾਈ ਸੈਨਾ ਦਿਵਸ ’ਤੇ ਮੁੱਖ ਸਮਾਗਮ ਗਾਜ਼ੀਆਬਾਦ ਦੇ ਹਿੰਡਨ ਏਅਰ ਫੋਰਸ ਸਟੇਸ਼ਨ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਹਵਾਈ ਸੈਨਾ ਇਸ ਸਮਾਗਮ ਨੂੰ ਦੋ ਹਿੱਸਿਆਂ ਵਿਚ ਆਯੋਜਿਤ ਕਰ ਰਹੀ ਹੈ। ਹਿੰਡਨ ਏਅਰ ਬੇਸ ’ਤੇ ਹਵਾਈ ਸੈਨਾ ਦੀ ਪਰੇਡ ਅਤੇ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦਾ ਸੰਬੋਧਨ ਹੋ ਰਿਹਾ ਹੈ, ਜਦੋਂ ਕਿ 9 ਨਵੰਬਰ ਨੂੰ ਗੁਹਾਟੀ ਵਿਚ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੁਆਰਾ ਹਵਾਈ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਵਾਰ ਹਿੰਡਨ ਵਿਚ ਇਕ ਮਿਗ-21 ਵੀ ਦੇਖਿਆ ਗਿਆ। ਇਹ ਜਹਾਜ਼ ਹਾਲ ਹੀ ਵਿਚ ਛੇ ਦਹਾਕਿਆਂ ਦੀ ਸੇਵਾ ਤੋਂ ਬਾਅਦ ਹਵਾਈ ਸੈਨਾ ਤੋਂ ਸੇਵਾਮੁਕਤ ਹੋਇਆ ਹੈ। ਹਾਲਾਂਕਿ ਰਾਫੇਲ ਅਤੇ ਸੁਖੋਈ-30 ਵਰਗੇ ਸਟਰਾਈਕ ਏਅਰਕ੍ਰਾਫਟ, ਜਿਨ੍ਹਾਂ ਨੇ ਪਾਕਿਸਤਾਨ ਨੂੰ ਹਰਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ, ਵੀ ਪ੍ਰਮੁੱਖ ਆਕਰਸ਼ਣ ਹੋਣਗੇ।