ਨਸ਼ੇ ਕਾਰਨ ਨੌਜਵਾਨ ਦੀ ਮੌਤ
ਮਮਦੋਟ ਫ਼ਿਰੋਜ਼ਪੁਰ), 8 ਅਕਤੂਬਰ (ਸੁਖਦੇਵ ਸਿੰਘ ਸੰਗਮ) - ਥਾਣਾਂ ਲੱਖੋ ਕੇ ਬਹਿਰਾਮ ਦੇ ਸਾਹਮਣੇ ਪੈਂਦੇ ਪਿੰਡ ਬਾਬਾ ਜੀਵਨ ਸਿੰਘ ਨਗਰ (ਕਾਲੋਨੀ) ਵਿਖੇ ਇਕ ਨੌਜਵਾਨ ਦੀ ਕਥਿਤ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਹਰਦੇਵ ਸਿੰਘ ਪੁੱਤਰ ਮੰਗਲ ਸਿੰਘ ਉਮਰ ਕਰੀਬ 35 ਸਾਲ ਨਸ਼ੇ ਕਰਨ ਦਾ ਆਦੀ ਸੀ ਜੋ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਮ੍ਰਿਤਕ ਪਾਇਆ ਗਿਆ ਹੈ ਤੇ ਉਸ ਦੀ ਮੌਤ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਹਰਦੇਵ ਸਿੰਘ ਵਿਆਹਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਹਾਲੇ ਨਾਲ਼ ਲੱਗਦੇ ਪਿੰਡ ਲੱਖੋ ਕਿ ਬਹਿਰਾਮ ਵਿਚ ਵੀ ਤਿੰਨ ਦਿਨਾਂ ਵਿਚ ਚਾਰ ਨੋਜਵਾਨਾਂ ਦੀ ਨਸ਼ਿਆਂ ਦਾ ਸੇਵਨ ਕਰਨ ਨਾਲ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪਿੰਡ ਵਿਚ ਸ਼ਰੇਆਮ ਮੈਡੀਕਲ ਨਸ਼ਾ ਵਿਕਣ ਦੇ ਇਲਜ਼ਾਮ ਲਾਉਂਦਿਆਂ ਪੁਲਿਸ ਖ਼ਿਲਾਫ਼ ਸੜਕ ਜਾਮ ਕਰਕੇ ਰੋਸ ਜ਼ਾਹਿਰ ਕੀਤਾ ਸੀ, ਜਿਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਸਥਾਨਕ ਤਿਨ ਮੈਡੀਕਲ ਸਟੋਰ ਸੀਲ ਕੀਤੇ ਗਏ ਸਨ ਤੇ ਜ਼ਿਲ੍ਹਾ ਪੁਲਿਸ ਵਲੋਂ ਥਾਣਾ ਲੱਖੋ ਕਿ ਬਹਿਰਾਮ ਦੇ ਮੁਖੀ ਬਲਰਾਜ ਸਿੰਘ ਅਤੇ ਏਐਸਆਈ ਬਲਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਲੋਕਾਂ ਦੀ ਮੰਗ ਹੈ ਕਿ ਸੂਬਾ ਸਰਕਾਰ ਨਸ਼ੇ ਦੀ ਵਿਕਰੀ ਵਾਲੇ ਇਲਾਕਿਆਂ ਵਿਚ ਸੰਬੰਧਿਤ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਦੇ ਹੋਏ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਯੋਗ ਕਦਮ ਉਠਾਵੇ ਤਾਂ ਹੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਫਲ ਹੋ ਸਕੇਗੀ।