ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਤਰਨਤਾਰਨ ਜ਼ਿਮਨੀ ਚੋਣ ਲਈ ਮਨਦੀਪ ਨੂੰ ਹਮਾਇਤ ਦੇਣ ਦਾ ਐਲਾਨ

ਅੰਮ੍ਰਿਤਸਰ, 8 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਲਕਾ ਤਰਨ ਤਾਰਨ ਜ਼ਿਮਨੀ ਚੋਣ ਦੀ ਤਿਆਰੀ ਲਈ ਬਣਾਈ 6 ਮੈਂਬਰੀ ਕਮੇਟੀ ਵਲੋਂ ਹਲਕਾ ਤਰਨਤਾਰਨ ਤੋਂ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ, ਜੋ ਕਿ ਆਜ਼ਾਦ ਤੌਰ 'ਤੇ ਪੰਥ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਨੂੰ ਪੂਰਨ ਤੌਰ 'ਤੇ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਆਗੂ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਤੇ ਸੁੱਚਾ ਸਿੰਘ ਛੋਟੇਪੁਰ ਦੇ ਹਵਾਲੇ ਨਾਲ ਸਾਂਝੇ ਤੌਰ 'ਤੇ ਜਾਰੀ ਬਿਆਨ ਵਿਚ ਅੱਜ ਇਥੇ ਦੱਸਿਆ ਕਿ ਭਾਈ ਸੰਦੀਪ ਸਿੰਘ ਪਿੱਛਲੇ ਕੁਝ ਸਾਲਾਂ ਤੋਂ ਪੰਥ ਦੀ ਸੇਵਾ ਕਰ ਰਹੇ ਨੇ ਅਤੇ ਜ਼ੁਲਮ ਅਤੇ ਜ਼ਬਰ ਦੇ ਖ਼ਿਲਾਫ਼ ਉਨ੍ਹਾਂ ਦਾ ਸਪਸ਼ਟ ਪੱਖ ਹੋਣ ਕਰਕੇ ਅਸੀਂ ਸਮੂਹ ਪੰਥਕ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਅੱਜ ਆਪਣਾ ਫਰਜ਼ ਪਹਿਚਾਣਦਿਆਂ ਉਨ੍ਹਾਂ ਦੇ ਪਰਿਵਾਰ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਜਾਵੇ।