ਅਟਾਰੀ ਰੇਲਵੇ ਸਟੇਸ਼ਨ 'ਤੇ ਸੰਨੀ ਦਿਓਲ ਵਲੋਂ ਬਣਾਈ ਜਾ ਰਹੀ ਫਿਲਮ ਦੀ ਹੋਈ ਸ਼ੂਟਿੰਗ

ਅਟਾਰੀ, ਅੰਮ੍ਰਿਤਸਰ, 9 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਦੇ ਪਹਿਲੇ ਵਾਤਾਨਕੂਲ ਅਟਾਰੀ ਰੇਲਵੇ ਸਟੇਸ਼ਨ ਵਿਖੇ ਅੱਜ ਭਾਰਤੀ ਹਿੰਦੀ ਫਿਲਮਾਂ ਦੇ ਅਦਾਕਾਰ ਸੰਨੀ ਦਿਓਲ ਵਲੋਂ ਬਣਾਈ ਜਾ ਰਹੀ ਭਾਰਤ-ਪਾਕਿਸਤਾਨ ਵੰਡ ਉਤੇ ਫਿਲਮ ਦੀ ਸ਼ੂਟਿੰਗ ਕੀਤੀ ਗਈI ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਟਾਰੀ ਸਟੇਸ਼ਨ ਉਤੇ ਸੰਨੀ ਦਿਓਲ ਵਲੋਂ 1947 ਲਾਹੌਰ ਦੇ ਨਾਂਅ ਹੇਠ ਬਣਾਈ ਜਾ ਰਹੀ ਫਿਲਮ ਦੀ ਸ਼ੂਟਿੰਗ ਹੋਈ ਹੈ। ਅਟਾਰੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਜਿਸ ਤੋਂ ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਸਮਝੌਤਾ ਐਕਸਪ੍ਰੈਸ ਰੇਲ ਚਲਦੀ ਸੀ, ਉਸ ਪਲੇਟਫਾਰਮ ਉਤੇ ਅੱਜ ਸਾਰਾ ਦਿਨ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਉਚੇਚੇ ਤੌਰ ਉਤੇ ਪਹੁੰਚੇ ਐਕਟਰ ਸੰਨੀ ਦਿਓਲ ਵਲੋਂ ਵੱਖ-ਵੱਖ ਸੀਨ ਦਰਸਾਏ ਗਏI
ਪੂਰੇ ਕਰੜੇ ਪ੍ਰਬੰਧਾਂ ਹੇਠ ਪੁੱਜੇ ਸੰਨੀ ਦਿਓਲ ਦੀ ਫਿਲਮ ਦੀ ਸ਼ੂਟਿੰਗ ਵੇਖਣ ਲਈ ਇਲਾਕੇ ਭਰ ਵਿਚੋਂ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਪੁੱਜਾ, ਜਿਸ ਨੂੰ ਪੰਜਾਬ ਪੁਲਿਸ ਤੇ ਸਥਾਨਕ ਪ੍ਰਾਈਵੇਟ ਸਕਿਓਰਿਟੀ ਦੇ ਜਵਾਨਾਂ ਵਲੋਂ ਰੋਕ ਕੇ ਰੱਖਿਆ ਗਿਆ ਤੇ ਕਿਸੇ ਨੂੰ ਵੀ ਚਲਦੀ ਫਿਲਮ ਦੀ ਸ਼ੂਟਿੰਗ ਦੇ ਸੈਟਅਪ ਦੇ ਨਜ਼ਦੀਕ ਨਹੀਂ ਜਾਣ ਦਿੱਤਾ ਗਿਆ। ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਫਿਲਮ ਦੇ ਡਾਇਰੈਕਟਰ ਗਦਰ ਫਿਲਮ ਵਾਲੇ ਹੀ ਹਨ, ਇਥੇ ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਇਕ ਦੋ ਦਿਨਾਂ ਵਿਚ ਭਾਰਤ-ਪਾਕਿ ਸੰਸਦ ਹੱਦ ਉਤੇ ਸਥਿਤ ਭਾਰਤੀ ਸਰਹੱਦੀ ਚੌਕੀ ਪੁੱਲ ਮੋਰਾਂ ਵਿਖੇ ਸਥਿਤ 1947 ਦੀ ਯਾਦਗਾਰ ਤੇ ਬੀ.ਐਸ.ਐਫ. ਦੀ ਸਰਹੱਦੀ ਚੌਕੀ ਫੁੱਲ ਮੋਰਾਂ ਦੇ ਨਜ਼ਦੀਕ ਵੀ ਇਸ ਫਿਲਮ ਦੀ ਸ਼ੂਟਿੰਗ ਕੀਤੀ ਜਾ ਸਕਦੀ ਹੈ, ਜਿਸ ਵਿਚ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੇ ਕੁਝ ਸੀਨ ਫਿਲਮਾਏ ਜਾ ਸਕਦੇ ਹਨ।