ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਪ੍ਰਸ਼ੰਸਕਾਂ ਦਾ ਘਰ ਆਉਣਾ ਸ਼ੁਰੂ

ਜਲੰਧਰ, 9 ਅਕਤੂਬਰ-ਦੇਸ਼ ਦੇ ਪ੍ਰਮੁੱਖ ਅੰਤਰਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅੱਜ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਵੀਰਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਹਨ। ਘੁੰਮਣ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਜਲੰਧਰ ਦੇ ਬਾਡੀ ਬਿਲਡਰ ਘੁੰਮਣ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਸੀ। ਜਲੰਧਰ ਪੰਜਾਬ ਦੇ ਇਕ ਪੇਸ਼ੇਵਰ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ 6.2 ਫੁੱਟ ਉੱਚੇ ਸਨ। ਘੁੰਮਣ ਦੁਨੀਆ ਦਾ ਇਕਲੌਤਾ ਸ਼ਾਕਾਹਾਰੀ ਬਾਡੀ ਬਿਲਡਰ ਹੈ। ਉਹ ਜਲੰਧਰ ਵਿਚ ਇਕ ਡੇਅਰੀ ਫਾਰਮ ਵੀ ਚਲਾਉਂਦਾ ਸੀ ਅਤੇ 100 ਤੋਂ ਵੱਧ ਪਸ਼ੂਆਂ ਦਾ ਮਾਲਕ ਹੈ।
ਵਰਿੰਦਰ ਸਿੰਘ ਘੁੰਮਣ ਬਚਪਨ ਤੋਂ ਹੀ ਬਾਡੀ ਬਿਲਡਿੰਗ ਮੁਕਾਬਲਿਆਂ ਵਿਚ ਹਿੱਸਾ ਲੈ ਰਿਹਾ ਸੀ। 2005 ਵਿਚ, ਵਰਿੰਦਰ ਸਿੰਘ ਘੁੰਮਣ ਨੂੰ ਪਹਿਲੀ ਵਾਰ ਮਿਸਟਰ ਜਲੰਧਰ ਦਾ ਤਾਜ ਪਹਿਨਾਇਆ ਗਿਆ ਸੀ। ਉਸ ਤੋਂ ਬਾਅਦ, ਉਹ ਇਕ ਤੋਂ ਬਾਅਦ ਇਕ ਪੁਰਸਕਾਰ ਜਿੱਤਦਾ ਰਿਹਾ। 2005 ਵਿਚ, ਵਰਿੰਦਰ ਸਿੰਘ ਘੁੰਮਣ ਨੇ ਮਿਸਟਰ ਪੰਜਾਬ ਦਾ ਖਿਤਾਬ ਵੀ ਜਿੱਤਿਆ। ਤਿੰਨ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਉਸਨੂੰ 2008 ਵਿਚ ਮਿਸਟਰ ਇੰਡੀਆ ਦਾ ਤਾਜ ਪਹਿਨਾਇਆ ਗਿਆ। ਫਿਰ ਉਸਨੇ ਅਗਲੇ ਸਾਲ ਮਿਸਟਰ ਏਸ਼ੀਆ ਮੁਕਾਬਲੇ ਵਿਚ ਹਿੱਸਾ ਲਿਆ, ਦੂਜੇ ਸਥਾਨ 'ਤੇ ਰਿਹਾ। ਵਰਿੰਦਰ ਦੇ ਦਾਦਾ ਜੀ ਇਕ ਹਾਕੀ ਖਿਡਾਰੀ ਸਨ, ਜਦੋਂਕਿ ਉਸਦੇ ਪਿਤਾ ਭੁਪਿੰਦਰ ਸਿੰਘ, ਕਬੱਡੀ ਖੇਡਦੇ ਸਨ।