ਸੰਨੀ ਦਿਓਲ, ਪ੍ਰੀਤੀ ਜ਼ਿੰਟਾ ਤੇ ਕਰਨ ਦਿਓਲ ਨੇ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਕੀਤੀ ਸ਼ੂਟਿੰਗ

ਅਟਾਰੀ, (ਅੰਮ੍ਰਿਤਸਰ), 9 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀ 1947 ਵੇਲੇ ਹੋਈ ਵੰਡ ਸਮੇਂ ਵਿਛੜੇ ਲੋਕਾਂ ਦੇ ਦਿਲਾਂ ਨੂੰ ਮਿਲਾਉਣ ਵਾਲੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਅਤੇ ਮਾਲ ਗੱਡੀ ਲਈ ਬਣਾਏ ਗਏ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਉੱਪਰ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਵਲੋਂ ਫਿਲਮ ਦੀ ਸ਼ੂਟਿੰਗ ਕੀਤੀ ਗਈ। ਫਿਲਮ ਲਾਹੌਰ 1947 ਦੀ ਸ਼ੂਟਿੰਗ ਦੇ ਦ੍ਰਿਸ਼ ਓ.ਕੇ. ਕੀਤੇ ਗਏ ਹਨ। ਸ਼ੂਟਿੰਗ ਰਾਤ-ਦਿਨ ਚਲਦੀ ਰਹੀ। ਸ਼ੂਟਿੰਗ ਕਰਨ ਤੋਂ ਪਹਿਲਾਂ ਰੇਲਵੇ ਸਟੇਸ਼ਨ ਉਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜੀ.ਆਰ.ਪੀ. ਪੁਲਿਸ, ਆਰ.ਪੀ.ਐਫ. ਅਤੇ ਪੰਜਾਬ ਪੁਲਿਸ ਚਾਰ-ਚੁਫੇਰੇ ਅਤੇ ਗੇਟਾਂ ਉਤੇ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਸੰਨੀ ਦਿਓਲ, ਪ੍ਰੀਤੀ ਜ਼ਿੰਟਾ, ਡਾਇਰੈਕਟਰ ਰਾਜ ਕੁਮਾਰ ਸੰਤੋਸ਼ੀ ਅਤੇ ਕਰਨ ਦਿਓਲ ਦੇ ਨਾਲ ਵੀ ਸਖਤ ਸੁਰੱਖਿਆ ਦੇ ਇੰਤਜ਼ਾਮ ਸਨ। ਸਟੇਸ਼ਨ ਉਤੇ ਸਾਰਾ ਸਟਾਫ ਮੌਜੂਦ ਸੀ। ਪਿਛਲੇ ਲੰਮੇ ਸਮੇਂ ਤੋਂ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਅਤੇ ਮਾਲ ਗੱਡੀ ਵਿਚ ਆਉਣ-ਜਾਣ ਵਾਲਾ ਵਪਾਰ ਬੰਦ ਹੈ, ਜਿਸ ਕਾਰਨ ਰੇਲਵੇ ਸਟੇਸ਼ਨ ਅਤੇ ਨਜ਼ਦੀਕ ਸਾਫ-ਸਫਾਈ ਮੁਹਿੰਮ ਵੀ ਚਲਾਈ ਗਈ। ਜੇ.ਸੀ.ਬੀ. ਮਸ਼ੀਨਾਂ ਨਾਲ ਰੇਲਾਂ ਦੀਆਂ ਪਟੜੀਆਂ ਦੇ ਪਏ ਲੋਹੇ ਨੂੰ ਸਾਈਡ ਉਤੇ ਕੀਤਾ ਗਿਆ। ਮੇਨ ਗੇਟਾਂ ਤੋਂ ਸ਼ੂਟਿੰਗ ਕਰਨ ਵਾਲਿਆਂ ਦੇ ਪਛਾਣ ਪੱਤਰ ਦੇਖ ਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਨਵਾਂ ਰੰਗ-ਰੋਗਨ ਕਰਕੇ ਸਜਾਇਆ ਗਿਆ। ਪ੍ਰਸਿੱਧ ਡਾਇਰੈਕਟਰ ਰਾਜ ਕੁਮਾਰ ਸੰਤੋਸ਼ੀ ਵਿਸ਼ੇਸ਼ ਤੌਰ ਉਤੇ ਪਹੁੰਚੇ। ਉਨ੍ਹਾਂ ਨਾਲ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਵੀ ਮੌਜੂਦ ਸਨ। ਪ੍ਰੀਤੀ ਜ਼ਿੰਟਾ, ਸੰਨੀ ਦਿਓਲ, ਕਰਨ ਅਤੇ ਹੋਰ ਐਕਟਰਾਂ ਵਲੋਂ ਵੱਖ-ਵੱਖ ਸੀਨ ਕੀਤੇ ਗਏ ਜਿਨ੍ਹਾਂ ਨੂੰ ਓ.ਕੇ. ਕੀਤਾ ਗਿਆ। ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਉਤੇ ਰਾਤ-ਦਿਨ ਭੀੜ ਦਿਖਾਈ ਦਿੱਤੀ। ਇਸ ਮੌਕੇ ਔਰਤਾਂ, ਮਰਦ ਅਤੇ ਬੱਚੇ-ਬੁੱਢੇ ਆਪਣਾ ਸਾਮਾਨ ਲੈ ਕੇ ਘੁੰਮ ਰਹੇ ਸਨ। ਆਪਣੀ ਮੰਜ਼ਿਲ ਵੱਲ ਜਾ ਰਹੇ ਸਨ। ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਤੋਂ ਬਾਅਦ ਦੇਰ ਸ਼ਾਮ ਡਾਇਰੈਕਟਰ ਰਾਜ ਕੁਮਾਰ ਸੰਤੋਸ਼ੀ, ਸੰਨੀ ਦਿਓਲ, ਪ੍ਰੀਤੀ, ਕਰਨ ਦਿਓਲ ਦੇ ਨਾਲ ਕੁਝ ਹੋਰ ਐਕਟਰ ਅਤੇ ਕੈਮਰਾਮੈਨ ਭਾਰਤ-ਪਾਕਿਸਤਾਨ ਸਰਹੱਦ ਉਤੇ ਸਥਿਤ ਪੁਲ ਮੋਰਾ ਵਾਲਾ ਵੱਲ ਨੂੰ ਸ਼ੂਟਿੰਗ ਲਈ ਰਵਾਨਾ ਹੋ ਗਏ। ਪੁਲ ਮੋਰਾਂ ਵਿਖੇ ਵੀ ਰਾਤ ਸਮੇਂ ਸ਼ੂਟਿੰਗ ਚੱਲੇਗੀ, ਜਿਸ ਵਿਚ ਭਾਰਤ-ਪਾਕਿਸਤਾਨ ਸਾਲ 1947 ਦੇ ਦ੍ਰਿਸ਼ ਦਿਖਾਏ ਜਾਣਗੇ।