ਮਾਰੀਆ ਕੋਰੀਨਾ ਮਚਾਡੋ ਨੂੰ ਮਿਲੇਗਾ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ

ਨਵੀਂ ਦਿੱਲੀ, 10 ਅਕਤੂਬਰ- ਇਸ ਸਾਲ ਦੇ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਰੀਆ ਕੋਰੀਨਾ ਮਚਾਡੋ ਨੂੰ ਇਹ ਸਨਮਾਨ ਮਿਲਿਆ ਹੈ। ਮਾਰੀਆ ਕੋਰੀਨਾ ਮਚਾਡੋ ਵੈਨੇਜ਼ੁਏਲਾ ਦੀ ਮੁੱਖ ਵਿਰੋਧੀ ਧਿਰ ਦੀ ਨੇਤਾ ਹੈ। ਮਚਾਡੋ, ਜਿਸ ਨੂੰ ਆਇਰਨ ਲੇਡੀ ਵੀ ਕਿਹਾ ਜਾਂਦਾ ਹੈ, ਨੂੰ ਟਾਈਮ ਮੈਗਜ਼ੀਨ ਦੀ 2025 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਪੁਰਸਕਾਰ ਦਾ ਐਲਾਨ ਕਰਦੇ ਹੋਏ, ਨੋਬਲ ਕਮੇਟੀ ਦੇ ਚੇਅਰਮੈਨ ਨੇ ਮਚਾਡੋ ਦੀ ਸ਼ਾਂਤੀ ਦੀ ਇਕ ਦਲੇਰ ਅਤੇ ਵਚਨਬੱਧ ਚੈਂਪੀਅਨ ਵਜੋਂ ਪ੍ਰਸ਼ੰਸਾ ਕੀਤੀ।
ਪੁਰਸਕਾਰ ਦਾ ਐਲਾਨ ਕਰਦੇ ਹੋਏ ਨੋਬਲ ਕਮੇਟੀ ਨੇ ਕਿਹਾ ਕਿ ਉਸ ਨੇ ਮਚਾਡੋ ਨੂੰ ਵੈਨੇਜ਼ੁਏਲਾ ਦੇ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਵਿਚ ਉਸ ਦੇ ਅਣਥਕ ਕੰਮ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿਚ ਇਕ ਨਿਆਂਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਪ੍ਰਾਪਤ ਕਰਨ ਲਈ ਉਸ ਦੇ ਸੰਘਰਸ਼ ਲਈ ਸਨਮਾਨਿਤ ਕੀਤਾ ਹੈ।