JALANDHAR WEATHER

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ 'ਤੇ 6 ਖਿਲਾਫ ਮੁਕਦਮਾ ਦਰਜ

ਚੋਗਾਵਾਂ/ਅੰਮ੍ਰਿਤਸਰ, 10 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪਿੰਡ ਚੱਕ ਮਿਸ਼ਰੀ ਖਾਂ ਦੇ ਇਕ ਵਿਅਕਤੀ ਨੂੰ ਸਹੁਰੇ ਪਰਿਵਾਰ ਵਲੋਂ ਵਿਦੇਸ਼ ਭੇਜਣ ਦੇ ਨਾਂਅ ਉਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਉਤੇ 6 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਨ ਦੀ ਖਬਰ ਹੈ। ਇਸ ਸੰਬੰਧੀ ਸੂਰਜਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਂ ਨੇ ਪੁਲਿਸ ਨੂੰ ਲਿਖਤੀ ਬਿਆਨਾਂ ਵਿਚ ਦੱਸਿਆ ਕਿ 7 ਜਨਵਰੀ 2022 ਨੂੰ ਸਿੱਖ ਰੀਤੀ ਰਿਵਾਜਾਂ ਅਨੁਸਾਰ ਗੁਰਦੁਆਰਾ ਬਾਬਾ ਸੁਰ ਸਿੰਘ ਵਾਲਾ ਵਿਖੇ ਉਨ੍ਹਾਂ ਦਾ ਸਾਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਮੇਰੀ ਪਤਨੀ ਰਮਨਦੀਪ ਕੌਰ ਨੇ ਸਾਡੀ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਕੈਨੇਡਾ ਜਾਣ ਦੀ ਫਾਈਲ ਲਗਾਈ ਸੀ। ਮੈਂ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਵਿਚ ਆ ਕੇ ਆਪਣੇ ਪਿਤਾ ਦਲਬੀਰ ਸਿੰਘ ਦੇ ਖਾਤੇ ਵਿਚੋਂ 7 ਲੱਖ 25 ਹਜ਼ਾਰ ਰੁਪਏ ਚੈੱਕ ਰਾਹੀਂ ਆਪਣੇ ਸਹੁਰੇ ਜਸਪਾਲ ਸਿੰਘ ਦੇ ਖਾਤੇ ਵਿਚ ਪਵਾ ਦਿੱਤੇ।ਮੇਰੀ ਸੱਸ ਦਲਬੀਰ ਕੌਰ ਤੇ ਸਾਲੀ ਸੁਮਨਦੀਪ ਕੌਰ ਦੇ ਕਹਿਣ ਉਤੇ ਲੱਖਾਂ ਰੁਪਏ ਸਹੁਰੇ ਦੇ ਖਾਤੇ ਵਿਚ ਪਵਾ ਦਿੱਤੇ। 28 ਨਵੰਬਰ 2025 ਨੂੰ ਮੇਰੀ ਸਾਲੀ ਸੁਮਨਦੀਪ ਕੌਰ ਦਾ ਫੋਨ ਮੇਰੀ ਪਤਨੀ ਰਮਨਦੀਪ ਕੌਰ ਨੂੰ ਆਇਆ ਤੇ ਕਿਹਾ ਕਿ ਤੁਸੀਂ ਬਾਕੀ ਦੇ ਪੈਸੇ ਵੀ ਪਾ ਦਿਓ ਤਾਂ ਮੈਂ ਇਕ ਲੱਖ 50 ਹਜ਼ਾਰ ਰੁਪਏ ਕਢਵਾ ਕੇ ਆਪਣੀ ਸਾਲੀ ਸੁਮਨਦੀਪ ਕੌਰ ਨੂੰ ਇੰਡੀਆ ਗੇਟ ਛੇਹਰਟਾ ਵਿਖੇ ਦੇ ਕੇ ਆਇਆ ਤਾਂ ਇਨ੍ਹਾਂ ਕਿਹਾ ਕਿ ਰਮਨਦੀਪ ਕੌਰ ਦੀ ਫਾਈਲ ਲੱਗ ਚੁੱਕੀ ਹੈ। ਉਹ ਮੈਨੂੰ ਬਿਨਾਂ ਦੱਸੇ ਹੀ ਵਿਦੇਸ਼ ਕੈਨੇਡਾ ਚਲੀ ਗਈ, ਜਿਸ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਕਦੇ ਵੀ ਫੋਨ ਨਹੀਂ ਕੀਤਾ।

ਇਸ ਸੰਬੰਧੀ ਅਸੀਂ 15 ਨਵੰਬਰ 2023 ਨੂੰ ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਨੂੰ ਲਿਖਤੀ ਨੰਬਰੀ ਦਰਖਾਸਤ ਦਿੱਤੀ, ਜਿਸ ਦੀ ਇਨਕੁਆਰੀ ਐਸ. ਐਸ.ਪੀ. ਹੈੱਡ ਕੁਆਰਟਰ ਸ਼੍ਰੀਮਤੀ ਜਸਵੰਤ ਕੌਰ ਨੇ ਕੀਤੀ। ਜਿਥੇ ਮੇਰੇ ਸਹੁਰਾ ਜਸਪਾਲ ਸਿੰਘ ਨੇ ਲਿਖਤੀ ਰਾਜ਼ੀਨਾਮਾ ਕੀਤਾ ਸੀ ਕਿ ਉਹ ਮੈਨੂੰ 10 ਲੱਖ ਰੁਪਏ ਮੋੜਨ ਦਾ ਜ਼ਿੰਮੇਵਾਰ ਹੋਵੇਗਾ ਪਰ ਅਜੇ ਤੱਕ ਮੈਨੂੰ ਕੋਈ ਪੈਸਾ ਨਹੀਂ ਦਿੱਤਾ। ਮੇਰੇ ਸਹੁਰੇ ਪਰਿਵਾਰ ਨੇ ਹਮ-ਸਲਾਹ ਹੋ ਕੇ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਮੇਰੇ ਨਾਲ ਠੱਗੀ ਮਾਰੀ ਹੈ। ਉਨ੍ਹਾਂ ਆਪਣੇ ਨਾਲ ਹੋਈ ਠੱਗੀ ਦੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਬਾਰੇ ਥਾਣਾ ਲੋਪੋਕੇ ਦੀ ਪੁਲਿਸ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਰਮਨਦੀਪ ਕੌਰ, ਜਸਪਾਲ ਸਿੰਘ, ਦਲਬੀਰ ਕੌਰ, ਸੁਮਨਦੀਪ ਕੌਰ, ਗੁਰਜੀਤ ਕੌਰ ਅਤੇ ਗੁਰਲਾਲ ਸਿੰਘ ਖਿਲਾਫ਼ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ