2023 'ਚ ਪ੍ਰਮੋਟ ਕੀਤੇ ਲੈਕਚਰਾਰਾਂ ਦੀਆਂ ਬਦਲੀਆਂ ਤੁਰੰਤ ਕੀਤੀਆਂ ਜਾਣ -ਗੌਰਮਿੰਟ ਟੀਚਰਜ਼ ਯੂਨੀਅਨ

ਸੁਲਤਾਨਪੁਰ ਲੋਧੀ, 10 ਅਕਤੂਬਰ (ਥਿੰਦ)-ਸਿੱਖਿਆ ਵਿਭਾਗ ਵਲੋਂ 2023 ਵਿਚ ਪ੍ਰਮੋਟ ਕੀਤੇ ਗਏ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਬਦਲੀਆਂ ਨਾ ਹੋਣ ਕਰਕੇ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਅਤੇ ਸਬਾਈਆ ਗੁਰਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਬੋਲਦਿਆਂ ਸੁਖਚੈਨ ਸਿੰਘ ਤੇ ਰਸ਼ਪਾਲ ਸਿੰਘ ਵੜੈਚ ਨੇ ਦੱਸਿਆ ਕਿ 2023 ਵਿਚ ਪ੍ਰਮੋਟ ਕੀਤੇ ਗਏ ਵੱਖ-ਵੱਖ ਵਿਸ਼ੇਸ਼ ਲੈਕਚਰਾਰਾਂ ਨੂੰ ਉਸ ਵੇਲੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੀਆਂ ਬਦਲੀਆਂ ਜਲਦ ਹੀ ਕਰ ਦਿੱਤੀਆਂ ਜਾਣਗੀਆਂ ਪਰ ਦੋ ਸਾਲ ਬੀਤਣ ਦੇ ਬਾਵਜੂਦ ਵੀ ਵਿਭਾਗ ਨੇ ਇਹ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਲੈਕਚਰਾਰ 150 ਕਿਲੋਮੀਟਰ ਤੱਕ ਆਪਣੇ ਸਕੂਲਾਂ ਵਿਚ ਜਾ ਕੇ ਸੇਵਾਵਾਂ ਨਿਭਾਅ ਰਹੇ ਹਨ।
ਉਨ੍ਹਾਂ ਕਿਹਾ ਕਿ ਇੰਨੀ ਦੂਰ ਤੱਕ ਮਹਿਲਾ ਅਧਿਆਪਕਾਂ ਨੂੰ ਸੇਵਾਵਾਂ ਨਿਭਾਉਣੀਆਂ ਬਹੁਤ ਔਖੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਵਿਭਾਗ ਨੇ ਤੁਰੰਤ ਲੈਕਚਰਾਂ ਦੀਆਂ ਬਦਲੀਆਂ ਨਾ ਕੀਤੀਆਂ ਤਾਂ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਲੈਕਚਰਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ ਤਾਂ ਉਦੋਂ ਸਿੱਖਿਆ ਮੰਤਰੀ ਵਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜਲਦ ਬਦਲੀਆਂ ਕਰ ਦਿੱਤੀਆਂ ਜਾਣਗੀਆਂ। ਉਸ ਸਮੇਂ ਯੂਨੀਅਨ ਆਗੂਆਂ ਨੇ ਵਿਭਾਗ ਵਲੋਂ ਵਿਸ਼ਵਾਸ ਦਿੱਤੇ ਜਾਣ ਤੋਂ ਬਾਅਦ ਹੀ ਸਕੂਲਾਂ ਵਿਚ ਜੁਆਇਨ ਕੀਤਾ ਸੀ। ਉਨ੍ਹਾਂ ਕਿਹਾ ਕਿ 100-100 ਕਿਲੋਮੀਟਰ ਤੱਕ ਦੂਰ ਸਕੂਲਾਂ ਵਿਚ ਜਾਣ ਆਉਣ ਸਮੇਂ ਬਹੁਤ ਦਿੱਕਤ ਹੁੰਦੀ ਹੈ। ਇਸ ਲਈ ਲੈਕਚਰਾਂ ਦੀਆਂ ਬਦਲੀਆਂ ਤੁਰੰਤ ਕੀਤੀਆਂ ਜਾਣ। ਇਸ ਮੌਕੇ ਸੀਨੀਅਰ ਆਗੂ ਜੋਗਿੰਦਰ ਸਿੰਘ ਅਮਾਨੀਪੁਰ, ਮੀਤ ਪ੍ਰਧਾਨ ਪ੍ਰਦੀਪ ਸਿੰਘ ਘੁਮਾਨ, ਬਲਾਕ ਪ੍ਰਧਾਨ ਸੁਖਦੇਵ ਸਿੰਘ ਬੂਲਪੁਰ, ਮਾਸਟਰ ਯਾਦਵਿੰਦਰ ਸਿੰਘ ਪੰਡੋਰੀ, ਅਮਨਦੀਪ ਸਿੰਘ ਬਿਧੀਪੁਰ, ਛਿੰਦਰਪਾਲ ਸਿੰਘ ਜੱਬੋਵਾਲ, ਜਗਮੋਹਨ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਬਲਜੀਤ ਸਿੰਘ ਟਿੱਬਾ, ਅਮਨਦੀਪ ਸਿੰਘ ਜੱਬੋਵਾਲ, ਅਸ਼ਵਨੀ ਕੁਮਾਰ, ਹੈੱਡ ਟੀਚਰ ਅਵਤਾਰ ਸਿੰਘ ਹੈਬਤਪੁਰ, ਕੁਲਦੀਪ ਠਾਕਰ, ਸੁਖਵਿੰਦਰ ਸਿੰਘ ਕਾਲੇਵਾਲ ਆਦਿ ਹਾਜ਼ਰ ਸਨ।