ਬਟਾਲਾ 'ਚ ਦੇਰ ਸ਼ਾਮ ਚੱਲੀਆਂ ਗੋਲੀਆਂ , 2 ਨੌਜਵਾਨਾਂ ਦੀ ਮੌਤ , 4 ਜ਼ਖ਼ਮੀ

ਬਟਾਲਾ, 10 ਅਕਤੂਬਰ (ਸਤਿੰਦਰ ਸਿੰਘ)-ਅੱਜ ਸ਼ਾਮ ਬਟਾਲਾ ਵਿਚ ਇਕ ਜੁੱਤੀਆਂ ਦੀ ਦੁਕਾਨ ਦੇ ਬਾਹਰ ਚੱਲੀਆਂ ਧੜਾ-ਧੜ ਗੋਲੀਆਂ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 4 ਨੌਜਵਾਨ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬਟਾਲਾ ਦੇ ਇਕ ਹੋਟਲ ਦੇ ਨਜ਼ਦੀਕ ਜੁੱਤੀਆਂ ਵਾਲੀ ਦੁਕਾਨ ਦੇ ਬਾਹਰ ਕੁਝ ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਨਾਲ ਕਰੀਬ 6 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਵਿਚ ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਨੌਜਵਾਨਾਂ ਨੇ ਸਾਡੇ 'ਤੇ 10 ਤੋਂ 12 ਗੋਲੀਆਂ ਚਲਾਈਆਂ ।
ਡਾਕਟਰਾਂ ਅਨੁਸਾਰ ਜਖਮੀਆਂ ਵਿਚੋਂ ਕਨਵ ਮਹਾਜਨ (24) ਪੁੱਤਰ ਅਜੇ ਮਹਾਜਨ ਵਾਸੀ ਬਟਾਲਾ ਅਤੇ ਸਰਬਜੀਤ ਸਿੰਘ (26) ਵਾਸੀ ਬੁਲੋਵਾਲ ਦੀ ਮੌਤ ਹੋ ਗਈ, ਜਦਕਿ ਅੰਮ੍ਰਿਤਪਾਲ ਸਿੰਘ (15) ਵਾਸੀ ਉਮਰਪੁਰਾ ਬਟਾਲਾ, ਅਮਨਦੀਪ ਸਿੰਘ (22) ਵਾਸੀ ਉਮਰਪੁਰਾ , ਸੰਜੀਵ ਸੇਠ (52) ਵਾਸੀ ਇਮਲੀ ਮੁਹੱਲਾ ਅਤੇ ਜੁਗਲ ਕਿਸ਼ੋਰ (61) ਵਾਸੀ ਪੁਰੀਆ ਮੁਹੱਲਾ ਜ਼ਖ਼ਮੀ ਹੋਏ ਹਨ । ਥਾਣਾ ਸਿਟੀ ਬਟਾਲਾ ਦੀ ਪੁਲਿਸ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕੀਤੀ।