ਹਾਈ ਕੋਰਟ ਨੇ ਪੱਤਰਕਾਰ ਸੁਧੀਰ ਚੌਧਰੀ ਨਾਲ ਸੰਬੰਧਿਤ ਏ. ਆਈ. ਤਿਆਰ ਕੀਤੀ ਸਮੱਗਰੀ ਤੇ ਡੀਪਫੇਕ ਨੂੰ ਹਟਾਉਣ ਦਾ ਦਿੱਤਾ ਹੁਕਮ

ਨਵੀਂ ਦਿੱਲੀ ,10 ਅਕਤੂਬਰ - ਦਿੱਲੀ ਹਾਈ ਕੋਰਟ ਨੇ ਪੱਤਰਕਾਰ ਸੁਧੀਰ ਚੌਧਰੀ ਨਾਲ ਸੰਬੰਧਿਤ ਏ. ਆਈ. ਤਿਆਰ ਕੀਤੀ ਸਮੱਗਰੀ ਅਤੇ ਡੀਪਫੇਕ ਨੂੰ ਹਟਾਉਣ ਦਾ ਹੁਕਮ ਦਿੱਤਾ। ਇਹ ਅੰਤਰਿਮ ਹੁਕਮ ਚੌਧਰੀ ਦੁਆਰਾ ਆਪਣੇ ਨਾਂਅ , ਚਿੱਤਰ, ਆਵਾਜ਼ ਆਦਿ ਨਾਲ ਸਬੰਧਤ ਆਪਣੇ ਸ਼ਖਸੀਅਤ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪਾਸ ਕੀਤਾ ਗਿਆ ਹੈ। ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਨੇ ਸੁਧੀਰ ਚੌਧਰੀ ਦੇ ਹੱਕ ਵਿਚ ਹੁਕਮ ਜਾਰੀ ਕੀਤਾ ਅਤੇ ਉਪਭੋਗਤਾਵਾਂ ਨੂੰ ਡੀਪਫੇਕ ਅਤੇ ਏ. ਆਈ. ਤਿਆਰ ਕੀਤੀ ਸਮੱਗਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ। ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਕਿ ਜਿੱਥੇ ਸੁਧੀਰ ਚੌਧਰੀ ਦੀ ਤਸਵੀਰ, ਆਵਾਜ਼, ਸਮਾਨਤਾ ਅਤੇ ਨਾਂਅ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤਿਆ ਜਾ ਰਿਹਾ ਹੈ, ਉੱਥੇ ਏ. ਆਈ. -ਤਿਆਰ ਕੀਤੀ ਸਮੱਗਰੀ ਨੂੰ ਹਟਾ ਦਿੱਤਾ ਜਾਵੇ।
ਸੁਧੀਰ ਚੌਧਰੀ ਵਲੋਂ ਸੀਨੀਅਰ ਵਕੀਲ ਰਾਜ ਸ਼ੇਖਰ ਰਾਓ ਪੇਸ਼ ਹੋਏ । ਦੂਜੇ ਪਾਸੇ, ਮੈਟਾ ਅਤੇ ਗੂਗਲ ਦੇ ਵਕੀਲਾਂ ਨੇ ਕਿਹਾ ਕਿ ਕੁਝ ਬਚਾਓ ਪੱਖਾਂ (ਅਪਲੋਡਰਾਂ) ਦੀ ਸੰਚਾਰ ਜਾਣਕਾਰੀ ਉਨ੍ਹਾਂ ਦੇ ਪੰਨਿਆਂ 'ਤੇ ਦਰਜ ਹੈ ਅਤੇ ਉਨ੍ਹਾਂ ਨਾਲ ਮੁਦਈ ਸਿੱਧਾ ਸੰਪਰਕ ਕਰ ਸਕਦਾ ਹੈ।