ਖਾਲਸਾਈ ਜਾਹੋ-ਜਲਾਲ ਨਾਲ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

.jpeg)

.jpeg)


ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਨਾਲ ਸੰਬੰਧਿਤ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਗੁਰ-ਮਰਿਆਦਾ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਮਗਰੋਂ ਸਮਾਪਤ ਹੋ ਗਈ। ਪੰਜ ਪਿਆਰਿਆ ਦੀ ਅਗਵਾਈ ਹੇਠ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਦੀ ਗੂੰਜ ‘ਚ ਸਜਾਏ ਗਏ ਅਲੌਕਿਕ ਨਗਰ ਕੀਰਤਨ ਮਗਰੋਂ ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਲਈ ਬੰਦ ਕਰ ਦਿੱਤੇ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਥਕ ਰਵਾਇਤਾਂ ਮੁਤਾਬਕ ਸੁਖਆਸਨ ਹਾਲ ਵਿਖੇ ਸੁਸ਼ੋਭਿਤ ਕੀਤੇ ਗਏ। ਯਾਤਰਾ ਦੇ ਸਮਾਪਤੀ ਸਮਾਗਮ ’ਚ ਸ਼ਾਮਿਲ ਹੋਣ ਲਈ ਅੱਜ ਸਵੇਰ ਤੋਂ ਹੀ ਸੰਗਤ ਦੀ ਆਮਦ ਹੁਮ-ਹੁੰਮਾ ਕੇ ਸ਼ੁਰੂ ਹੋ ਗਈ ਸੀ। ਆਖਰੀ ਦਿਨ ਸਮਾਪਤੀ ਸਮਾਗਮ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ, ਸੀ. ਈ. ਓ. ਸੇਵਾ ਸਿੰਘ, 9 ਬ੍ਰਿਗੇਡ ਦੇ ਬ੍ਰਿਗੇਡੀਅਰ ਐਮ. ਐਸ. ਢਿੱਲੋਂ ਸਮੇਤ 2000 ਤੋਂ ਵਧੇਰੇ ਸ਼ਰਧਾਲੂਆਂ ਨੇ ਜਿਥੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਤਿਕਾਰ ਸਹਿਤ ਮੱਥਾ ਟੇਕਿਆ, ਉਥੇ ਹੀ ਬੀਤੇ ਦਿਨਾਂ ਦੌਰਾਨ ਹੋਈ ਬਰਫਬਾਰੀ ਦੇ ਬਾਵਜੂਦ ਸੰਗਤ ਨੇ ਬਰਫੀਲੇ ਜਲ ’ਚ ਭਾਰੀ ਉਤਸ਼ਾਹ ਨਾਲ ਇਸ਼ਨਾਨ ਕੀਤਾ।