ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਆਉਣ 'ਤੇ ਡਰ ਫੈਲਾਇਆ ਜਾ ਰਿਹੈ - ਪ੍ਰਧਾਨ ਰਮੇਸ਼ ਸਿੰਘ ਅਰੋੜਾ

ਅਟਾਰੀ, (ਅੰਮ੍ਰਿਤਸਰ), 11 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਆਉਣ ਵਾਲੀਆਂ ਸਿੱਖ ਸੰਗਤਾਂ ਦੇ ਮਨਾਂ ਵਿਚ ਪਹਿਲਾਂ ਤੋਂ ਭਾਰਤ ਅੰਦਰ ਕੁਝ ਪੱਤਰਕਾਰਾਂ ਵਲੋਂ ਤੇਜ਼ੀ ਨਾਲ ਸੰਗਤਾਂ ਵਿਚ ਡਰ ਫੈਲਾਇਆ ਜਾ ਰਿਹਾ ਹੈ I ਇਹ ਸ਼ਬਦ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਘੱਟ ਗਿਣਤੀਆਂ ਬਾਰੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਕਹੇI
ਸ. ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਨਾਨਕਸ਼ਾਹੀ ਕੈਲੰਡਰ ਸੰਬੰਧੀ ਕੋਈ ਵੀ ਇਹੋ-ਜਿਹੀ ਭਾਰਤੀ ਸਿੱਖ ਸੰਗਤਾਂ ਸੰਬੰਧੀ ਕੋਈ ਵੀ ਸਟੇਟਮੈਂਟ ਜਾਂ ਬਿਆਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਕੁਝ ਕੁ ਪੱਤਰਕਾਰਾਂ ਵਲੋਂ ਸਿੱਖ ਸੰਗਤਾਂ ਦੇ ਮਨਾਂ ਵਿਚ ਡਰ ਪਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਭਾਰਤੀ ਸਿੱਖ ਸ਼ਰਧਾਲੂ ਵੀਜ਼ੇ ਲੈ ਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ। ਉਨ੍ਹਾਂ ਕਿਹਾ ਕਿ ਸਿਰਫ ਤੇ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ 16 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਮਨਾਇਆ ਜਾਂਦਾ ਹੈ, ਉਸ ਸੰਬੰਧੀ ਕੁਝ ਮਸਲਾ ਸੀ। ਉਹ ਵੀ ਆਉਣ ਵਾਲੇ ਦਿਨਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਾਲ ਵਿਚਾਰ ਕਰਕੇ ਹੱਲ ਕਰ ਲਿਆ ਜਾਵੇਗਾ I ਸ. ਅਰੋੜਾ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਦਿਨ-ਤਿਉਹਾਰ ਜੋ ਮਨਾਈ ਜਾਂਦੇ ਹਨ, ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਹੀ ਪਾਕਿਸਤਾਨ ਨੂੰ ਸਿੱਖ ਸੰਗਤਾਂ ਵਲੋਂ ਮਨਾਏ ਜਾਂਦੇ ਹਨI