JALANDHAR WEATHER

ਪ੍ਰਕਾਸ਼ ਪੁਰਬ ਮੌਕੇ 4 ਨਵੰਬਰ ਨੂੰ ਪਾਕਿ ਜਾਵੇਗਾ ਜਥਾ

ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਭਾਰਤੀ ਯਾਤਰੂਆਂ ਅਤੇ ਮੇਜ਼ਬਾਨ ਪਾਕਿਸਤਾਨੀ ਅਧਿਕਾਰੀਆਂ 'ਚ ਜਥੇ ਦੀਆਂ ਦੋ ਤਰੀਕਾਂ ਨੂੰ ਲੈ ਕੇ ਬਣਿਆ ਭੰਬਲਭੂਸਾ ਖ਼ਤਮ ਕਰਦਿਆਂ ਅੱਜ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਅਤੇ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਮੇਸ਼ ਸਿੰਘ ਅਰੋੜਾ ਨੇ ਸਪੱਸ਼ਟ ਕੀਤਾ ਕਿ ਭਾਰਤੀ ਜਥਾ 4 ਨਵੰਬਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿ ਪਹੁੰਚੇਗਾ। ਵਾਹਗਾ ਪਹੁੰਚਣ 'ਤੇ ਪਾਕਿਸਤਾਨ ਦੇ ਵੱਖ-ਵੱਖ ਵਿਭਾਗਾਂ ਦੇ ਆਲਾ ਅਧਿਕਾਰੀਆਂ ਅਤੇ ਘੱਟ-ਗਿਣਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਵਲੋਂ ਜਥੇ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਸਿੱਖ ਜਥੇਬੰਦੀਆਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਥਿਤ ਤੌਰ 'ਤੇ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਜਥਾ 3 ਨਵੰਬਰ ਨੂੰ ਰਵਾਨਾ ਹੋਵੇਗਾ ਅਤੇ 12 ਨਵੰਬਰ ਨੂੰ ਵਾਪਸ ਪਰਤੇਗਾ, ਜਿਸ ਤੋਂ ਬਾਅਦ ਜਥੇ ਦੀ ਰਵਾਨਗੀ ਦੀਆਂ ਦੋ ਵੱਖ-ਵੱਖ ਤਰੀਕਾਂ ਨੂੰ ਲੈ ਕੇ ਭਾਰਤੀ ਯਾਤਰੂਆਂ 'ਚ ਭੰਬਲਭੂਸਾ ਬਣਿਆ ਹੋਇਆ ਸੀ।

ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ 'ਅਜੀਤ' ਨਾਲ ਵੱਖਰੇ ਤੌਰ 'ਤੇ ਲਾਹੌਰ ਤੋਂ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮ 4 ਤੋਂ 13 ਨਵੰਬਰ ਤੱਕ ਜਾਰੀ ਰਹਿਣਗੇ, ਜਦੋਂਕਿ ਮੁੱਖ ਸਮਾਗਮ 5 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਵੇਗਾ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ 'ਚ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਪ੍ਰਕਾਸ਼ ਪੁਰਬ ਸਮਾਗਮਾਂ 'ਚ ਦੁਨੀਆ ਭਰ ਦੇ ਹਜ਼ਾਰਾਂ ਸਿੱਖ ਸ਼ਰਧਾਲੂ ਹਿੱਸਾ ਲੈਣਗੇ ਜਿਨ੍ਹਾਂ 'ਚ ਭਾਰਤ ਨਾਲ ਹੋਏ ਸਮਝੌਤੇ ਤਹਿਤ 3,000 ਸ਼ਰਧਾਲੂ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ 6 ਨਵੰਬਰ ਨੂੰ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਲਈ ਰਵਾਨਾ ਕੀਤਾ ਜਾਵੇਗਾ ਅਤੇ ਰਸਤੇ 'ਚ ਯਾਤਰੂ ਗੁਰਦੁਆਰਾ ਸ੍ਰੀ ਸੱਚਾ ਸੌਦਾ ਫ਼ਾਰੂਖਾਬਾਦ ਦੇ ਦਰਸ਼ਨ ਕਰਨਗੇ। ਹਸਨ ਅਬਦਾਲ ਤੋਂ ਯਾਤਰੂ 8 ਨਵੰਬਰ ਨੂੰ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣਗੇ ਅਤੇ ਉਥੋਂ 10 ਨਵੰਬਰ ਨੂੰ ਏਮਨਾਬਾਦ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ 11 ਨਵੰਬਰ ਨੂੰ ਲਾਹੌਰ ਪਹੁੰਚਣਗੇ। ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਅਤੇ ਹੋਰਨਾ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਬਾਅਦ 13 ਨਵੰਬਰ ਨੂੰ ਜਥੇ ਦੀ ਵਾਪਸੀ ਹੋਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ