ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਤੀਜੇ ਦਿਨ ਪਹਿਲੀ ਪਾਰੀ 'ਚ ਵੈਸਟਇੰਡੀਜ਼ ਦੀ ਪੂਰੀ ਟੀਮ 248 ਦੌੜਾਂ ਬਣਾ ਕੇ ਆਊਟ

ਨਵੀਂ ਦਿੱਲੀ, 12 ਅਕਤੂਬਰ - ਭਾਰਤ ਅਤੇ ਵੈਸਟਇੰਡੀਜ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਵੈਸਟਇੰਡੀਜ਼ ਦੀ ਪੂਰੀ ਟੀਮ ਆਪਣੀ ਪਹਿਲੀ ਪਾਰੀ ਵਿਚ 248 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਪਹਿਲੀ ਪਾਰੀ ਦੇ ਅਧਾਰ 'ਤੇ ਭਾਰਤ ਨੂੰ 270 ਦੌੜਾਂ ਦੀ ਬੜਤ ਮਿਲੀ।
ਵੈਸਟਇੰਡੀਜ਼ ਵਲੋਂ ਐਲਿਕ ਅਥਾਨਾਜ਼ੇ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ ਜਦਕਿ ਸ਼ਾਈ ਹੋਪ 36 ਅਤੇ ਤੇਗਨਾਰਾਇਣ ਚੰਦਰਪਾਲ ਨੇ 34 ਦੌੜਾਂ ਬਣਾਈਆਂ। ਭਾਰਤ ਵਲੋਂ ਕੁਲਦੀਪ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ ਜਦਕਿ ਰਵਿੰਦਰ ਜਡੇਜਾ ਨੂੰ 3 ਵਿਕਟਾਂ ਮਿਲੀਆਂ। ਇਸ ਤੋਂ ਪਹਿਲਾਂ ਕੱਲ੍ਹ ਭਾਰਤ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ ਦੇ ਨੁਕਸਾਨ 'ਤੇ 518 ਦੌੜਾਂ ਬਣਾ ਕੇ ਸਮਾਪਤ ਕਰਨ ਦੀ ਘੋਸ਼ਣਾ ਕਰ ਦਿੱਤੀ ਸੀ।