2 ਅਮਰੀਕੀ ਤੇ 1 ਬ੍ਰਿਟਿਸ਼ ਪ੍ਰੋਫੈਸਰ ਨੂੰ ਮਿਲੇ ਇਕਨਾਮਿਕਸ ਦੇ ਨੋਬਲ ਪੁਰਸਕਾਰ

ਨਵੀਂ ਦਿੱਲੀ, 13 ਅਕਤੂਬਰ - ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਜ਼ ਨੇ ਇਕਨਾਮਿਕਸ ਕੈਟਾਗਰੀ 'ਚ ਸਾਲ 2025 ਦੇ ਨੋਬਲ ਪੁਰਸਕਾਰ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਇਨਾਮ 2 ਅਮਰੀਕੀ ਤੇ 1 ਬ੍ਰਿਟਿਸ਼ ਪ੍ਰੋਫੈਸਰ ਨੂੰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਇਨੋਵੇਸ਼ਨ ਦੇ ਆਧਾਰ 'ਤੇ ਹੋਣ ਵਾਲੇ ਆਰਥਿਕ ਵਿਕਾਸ 'ਤੇ ਕੀਤੇ ਗਏ ਅਧਿਐਨ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਜ਼ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਜੋਏਲ ਮੋਕਾਇਰ, ਫਿਲਿਪ ਅਘਿਅਨ ਤੇ ਪੀਟਰ ਹੌਵਿਟ ਨੂੰ 2025 ਦੇ ਇਕਨਾਮਿਕਸ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਮੈਡੀਕਲ, ਭੌਤਕੀ, ਕੈਮਿਸਟਰੀ, ਪੀਸ ਤੇ ਸਾਹਿਤ ਲਈ ਨੋਬਲ ਪੁਰਸਕਾਰਾਂ ਦਾ ਐਲਾਨ ਪਿਛਲੇ ਹਫਤੇ ਕੀਤਾ ਗਿਆ ਸੀ।
ਇਸ ਸਾਲ ਦਾ ਇਨਾਮ ਬਰਾਬਰ ਵੰਡਿਆ ਗਿਆ। ਅੱਧਾ ਜੋਏਲ ਮੋਕਾਇਰ ਨੂੰ "ਤਕਨੀਕੀ ਤਰੱਕੀ ਦੁਆਰਾ ਟਿਕਾਊ ਵਿਕਾਸ ਲਈ ਜ਼ਰੂਰੀ ਸਥਿਤੀਆਂ ਦੀ ਪਛਾਣ ਕਰਨ" ਲਈ ਗਿਆ। ਬਾਕੀ ਅੱਧਾ ਫਿਲਿਪ ਐਘਿਓਨ ਅਤੇ ਪੀਟਰ ਹਾਵਿਟ ਨੂੰ "ਰਚਨਾਤਮਕ ਵਿਨਾਸ਼ ਦੁਆਰਾ ਟਿਕਾਊ ਵਿਕਾਸ ਦੇ ਸਿਧਾਂਤ" ਦੀ ਵਿਆਖਿਆ ਕਰਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਾਂਝੇ ਤੌਰ 'ਤੇ ਦਿੱਤਾ ਗਿਆ।